ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਸਸਕਾਰ ਲਈ ਸਰਕਾਰੀ ਜ਼ਮੀਨ ਦੀ ਤਲਾਸ਼ ਜਾਰੀ

ਸ਼ੁੱਕਰਵਾਰ ਨੂੰ ਪਿੰਡ ਪੜੌਜੀਆਂ ਪੁੱਜੇਗੀ ਤਿਰੰਗੇ ਵਿੱਚ ਲਿਪਟੀ ਕਰਨਲ ਬੈਂਸ ਦੀ ਲਾਸ਼

ਸ਼ਹੀਦ ਕਰਨਲ ਦੀ ਮੌਤ ਦੀ ਖ਼ਬਰ ਸੁਣ ਕੇ ਪਤਨੀ ਜਗਮੀਤ ਕੌਰ ਦੀ ਤਬੀਅਤ ਵਿਗੜੀ

ਡੂੰਘੇ ਸਦਮੇ ਵਿੱਚ ਹਨ ਕਰਨਲ ਦੀ ਬਜ਼ੁਰਗ ਮਾਂ, ਭੈਣ ਅਤੇ ਹੋਰ ਸਾਕ ਸਬੰਧੀ

ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਜੰਮੂ-ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਬੀਤੇ ਦਿਨੀਂ ਦੇਸ਼ ਦੀ ਰੱਖਿਆ ਕਰਦੇ ਸਮੇਂ ਸ਼ਹੀਦੀ ਜਾਮ ਪੀਣ ਵਾਲੇ ਕਰਨਲ ਮਨਪ੍ਰੀਤ ਸਿੰਘ ਬੈਂਸ (42) ਦਾ ਭਲਕੇ 15 ਸਤੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਪੜੌਜੀਆਂ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਭਾਰਤੀ ਸੈਨਾ ਦੀ ਟੁਕੜੀ ਪੂਰੇ ਸਨਮਾਨ ਨਾਲ ਤਿਰੰਗੇ ਵਿੱਚ ਲਿਪਟੀ ਹੋਈ ਕਰਨਲ ਦੀ ਲਾਸ਼ ਲੈ ਕੇ ਸ਼ੁੱਕਰਵਾਰ ਨੂੰ ਸਸਕਾਰ ਤੋਂ ਕੁੱਝ ਸਮਾਂ ਪਹਿਲਾਂ ਹੀ ਪਿੰਡ ਪਹੁੰਚੇਗੀ। ਉਂਜ ਅੱਜ ਇੱਕ ਮਹਿਲਾ ਬ੍ਰਿਗੇਡੀਅਰ ਅਤੇ ਕਰਨਲ ਸਮੇਤ ਹੋਰ ਕਈ ਫੌਜੀ ਅਫ਼ਸਰਾਂ ਨੇ ਸ਼ਹੀਦ ਕਰਨਲ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਿੰਡ ਦੇ ਪਤਵੰਤਿਆਂ ਨੂੰ ਮਿਲੇ। ਉਪਰੰਤ ਫੌਜ ਦੇ ਅਫ਼ਸਰਾਂ ਨੇ ਬਲਾਕ ਮਾਜਰੀ ਦੀ ਤਹਿਸੀਲਦਾਰ ਜਸਵੀਰ ਕੌਰ ਨੂੰ ਨਾਲ ਲੈ ਕੇ ਪਿੰਡ ਦੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ।
ਸ਼ਹੀਦ ਭਗਤ ਸਿੰਘ ਯੂਥ ਕਲੱਬ ਪੜੌਜੀਆਂ ਦੇ ਪ੍ਰਧਾਨ ਤੇਜਵੀਰ ਸਿੰਘ ਤੇਜੀ, ਸਮਾਜ ਸੇਵੀ ਅਰਵਿੰਦ ਪੁਰੀ, ਸਰਪੰਚ ਰਜਿੰਦਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਦੱਸਿਆ ਕਿ ਨਿਊ ਚੰਡੀਗੜ੍ਹ ਵਸਾਉਣ ਸਮੇਂ ਪਿੰਡ ਪੜੌਜੀਆਂ ਦੀ ਜ਼ਿਆਦਾਤਰ ਜ਼ਮੀਨ ਓਮੈਕਸ ਪ੍ਰਾਜੈਕਟ ਵਿੱਚ ਆ ਗਈ ਹੈ। ਜਿਸ ਕਾਰਨ ਸ਼ਮਸ਼ਾਨਘਾਟ ਦੀ ਜ਼ਮੀਨ ਦਾ ਰਕਬਾ ਕਾਫ਼ੀ ਘਟ ਗਿਆ ਹੈ। ਸ਼ਮਸ਼ਾਨਘਾਟ ਛੋਟਾ ਹੋਣ ਕਾਰਨ ਫੌਜ ਦੇ ਅਫ਼ਸਰਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਮੰਗ ਹੈ ਕਿ ਦੇਸ਼ ਲਈ ਮਰ ਮਿਟਣ ਵਾਲੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਜ਼ਮੀਨ ਵਿੱਚ ਕੀਤਾ ਜਾਵੇ ਤਾਂ ਜੋ ਉੱਥੇ ਸ਼ਹੀਦ ਕਰਨਲ ਦੀ ਯਾਦਗਾਰ ਉਸਾਰੀ ਜਾ ਸਕੇ।
ਆਗੂਆਂ ਨੇ ਦੱਸਿਆ ਕਿ ਕਰਨਲ ਦੀ ਸ਼ਹਾਦਤ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਜ਼ਮੀਨ ਵਿੱਚ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ। ਇਸ ਸਬੰਧੀ ਤਹਿਸੀਲਦਾਰ ਜਸਵੀਰ ਕੌਰ ਨੇ ਕਰਨਲ ਮਨਪ੍ਰੀਤ ਸਿੰਘ ਦੇ ਸਸਕਾਰ ਲਈ ਸਰਕਾਰੀ ਜ਼ਮੀਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਕਰ ਸਰਕਾਰੀ ਜ਼ਮੀਨ ਨਾ ਮਿਲੀ ਤਾਂ ਪਿੰਡ ਦੇ ਪੁਰਾਣੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਜਾਵੇਗਾ ਅਤੇ ਯਾਦਗਾਰ ਕਿਸੇ ਹੋਰ ਢੁਕਵੀਂ ਥਾਂ ’ਤੇ ਬਣਾਈ ਜਾਵੇਗੀ।
ਉਧਰ, ਕਰਨਲ ਮਨਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਪਤਨੀ ਜਗਮੀਤ ਕੌਰ ਡੂੰਘੇ ਸਦਮੇ ਵਿੱਚ ਹੈ ਅਤੇ ਵਿਰਲਾਪ ਕਰਦਿਆਂ ਅੱਜ ਉਸ ਦੀ ਤਬੀਅਤ ਕਾਫ਼ੀ ਵਿਗੜ ਗਈ। ਉਹ ਸਰਕਾਰੀ ਸਕੂਲ ਮੋਰਨੀ ਵਿੱਚ ਅਧਿਆਪਕਾ ਹੈ ਅਤੇ ਆਪਣੇ ਦੋ ਬੱਚਿਆਂ ਪੁੱਤਰ ਕਬੀਰ ਸਿੰਘ (7) ਅਤੇ ਧੀ ਬਾਣੀ (ਢਾਈ ਸਾਲ) ਨਾਲ ਪੰਚਕੂਲਾ ਦੇ ਸੈਕਟਰ-26 ਵਿੱਚ ਰਹਿ ਰਹੀ ਹੈ ਜਦੋਂਕਿ ਕਰਨਲ ਦੀ ਬਜ਼ੁਰਗ ਮਾਂ ਮਨਜੀਤ ਕੌਰ ਜੱਦੀ ਪਿੰਡ ਪੜੌਜੀਆਂ ਵਿੱਚ ਹੀ ਰਹਿੰਦੀ ਹੈ। ਮਨਪ੍ਰੀਤ ਸਿੰਘ ਸਾਲ 2003 ਵਿੱਚ ਬਤੌਰ ਲੈਫ਼ਟੀਨੈਂਟ ਕਰਨਲ ਭਰਤੀ ਹੋਇਆ ਸੀ ਅਤੇ 2005 ਵਿੱਚ ਮੇਜਰ ਵਜੋਂ ਤਰੱਕੀ ਦਿੱਤੀ ਗਈ ਸੀ। ਉਹ ਪਹਿਲਾਂ ਹੀ ਅੱਤਵਾਦੀਆਂ ਨਾਲ ਲੋਹਾ ਲੈ ਚੁੱਕਾ ਹੈ ਅਤੇ ਉਸ ਨੂੰ ਬਹਾਦਰੀ ਲਈ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ। ਹੁਣ ਉਹ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸਭ ਤੋਂ ਅੱਗੇ ਸੀ ਅਤੇ ਪਹਿਲੀ ਗੋਲੀ ਉਸ ਦੇ ਸੀਨੇ ਵਿੱਚ ਲੱਗੀ।
ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਦੋ ਸਾਲ ਪਹਿਲਾਂ ਸੈਨਾ ਵੱਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫ਼ਲਜ਼ ਵਿੱਚ ਲੈਫ਼ਟੀਨੈਂਟ ਕਰਨਲ ਦੇ ਅਹੁਦੇ ’ਤੇ ਸੇਵਾ ਨਿਭਾਅ ਰਹੇ ਸਨ। 2021 ਵਿੱਚ ਇਸੇ ਬਟਾਲੀਅਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀ ਸਮੂਹ ਦਾ ਸਾਹਮਣਾ ਕੀਤਾ ਸੀ ਅਤੇ ਉਸ ਸਮੇਂ ਲੈਫ਼ਟੀਨੈਂਟ ਕਰਨਲ ਮਨਪ੍ਰੀਤ ਸਿੰਘ ਨੇ ਕਈ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਉਹੀ ਬਟਾਲੀਅਨ ਹੈ, ਜਿਸ ਨੇ 2016 ਵਿੱਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰਿਆ ਸੀ। ਅੱਜ ਏਅਰਲਿਫ਼ਟ ਰਾਹੀਂ ਕਰਨਲ ਬੈਂਸ ਦੀ ਲਾਸ਼ ਚੰਡੀਮੰਦਰ ਸਥਿਤ ਕਮਾਂਡਿਡ ਹਸਪਤਾਲ ਵਿੱਚ ਪਹੁੰਚ ਗਈ ਹੈ। ਜਿਸ ਨੂੰ ਸ਼ਰਧਾਂਜਲੀ ਦੇਣ ਉਪਰੰਤ ਭਲਕੇ ਪਿੰਡ ਪੜੌਜੀਆਂ ਵਿੱਚ ਲਿਆਂਦਾ ਜਾਵੇਗਾ। ਕੁੱਝ ਸਮੇਂ ਲਈ ਕਰਨਲ ਦੀ ਲਾਸ਼ ਪਰਿਵਾਰ ਅਤੇ ਸੰਗਤ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਉਪਰੰਤ ਅੰਤਿਮ ਸਸਕਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…