ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ ਹੋਵੇਗਾ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਯਾਦਗਾਰੀ ਸਮਾਗਮ
ਮੁਹਾਲੀ ਦੇ ਕਈ ਵੱਡੇ ਸੰਸਥਾਨ ਡਾ. ਮਨਮੋਹਨ ਸਿੰਘ ਦੀ ਦੇਣ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 3 ਜਨਵਰੀ:
ਮੁਹਾਲੀ ਸ਼ਹਿਰ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਇੱਥੋਂ ਦੇ ਗੁਰਦੁਆਰਾ ਸਾਹਿਬ ਸਾਚਾ ਧੰਨ ਫੇਜ਼-3ਬੀ-1 ਵਿਖੇ ਸੱਤ ਜਨਵਰੀ ਨੂੰ ਕਰਵਾਇਆ ਜਾਵੇਗਾ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸਬੰਧੀ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ ਅਤੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਵੈਰਾਗਮਈ ਕੀਰਤਨ ਕਰਨਗੇ। ਅਰਦਾਸ ਤੋਂ ਬਾਅਦ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਮੁਹਾਲੀ ਸ਼ਹਿਰ ਨਾਲ ਗੂੜਾ ਰਿਸ਼ਤਾ ਰਿਹਾ ਹੈ ਅਤੇ ਮੁਹਾਲੀ ਨੂੰ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ। ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਕਈ ਵੱਡੇ ਸਿੱਖਿਆ ਸਥਾਨ ਅਤੇ ਖੋਜ ਕੇਂਦਰ ਸਥਾਪਿਤ ਹੋਏ ਹਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਪੰਜਾਬ ਨਾਲ ਕਾਫ਼ੀ ਮੋਹ ਰੱਖਦੇ ਸੀ। ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਡਾਕਟਰ ਸਾਹਿਬ ਨੇ ਪੰਜਾਬੀ ਸੂਬੇ ਦੇ ਵਿਕਾਸ ਲਈ ਹਮੇਸ਼ਾ ਵੱਧ ਤੋਂ ਵੱਧ ਗਰਾਂਟਾਂ ਦਿੱਤੀਆਂ। ਮੁਹਾਲੀ ਵਿੱਚ ਆਈਸ਼ਰ ਇੰਸਟੀਚਿਊਟ, ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਉਨ੍ਹਾਂ ਦੀ ਦੇਣ ਹਨ।
ਕੁਲਜੀਤ ਬੇਦੀ ਨੇ ਕਿਹਾ ਕਿ ਮਹਾਨ ਆਤਮਾ ਅਤੇ ਸੱਚੇ ਦੇਸ਼ ਭਗਤ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਨੂੰ ਸਮਰਪਿਤ ਇਸ ਯਾਦਗਾਰੀ ਸਮਾਗਮ ਵਿੱਚ ਸਮੂਹ ਇਲਾਕਾ ਵਾਸੀਆਂ, ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰੀ ਭਰਨਗੇ ਅਤੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।