Share on Facebook Share on Twitter Share on Google+ Share on Pinterest Share on Linkedin ਘਰਾਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਵੀ ਮਿਲੇਗਾ ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ: ਬਲਬੀਰ ਸਿੱਧੂ ਕਿਰਤੀ-ਕਾਮਿਆਂ ਦੀਆਂ ਲੜਕੀਆਂ ਦੇ ਵਿਆਹ ਵੇਲੇ ਸ਼ਗਨ ਸਕੀਮ ਤਹਿਤ 51 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਿੰਡ ਬਲੌਂਗੀ ਵਿੱਚ ਕਿਰਤੀ ਕਾਮਿਆਂ ਦੀ ਰਜਿਸਟਰੇਸ਼ਨ ਦੇ ਕਾਰਡ ਵੰਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ: ਪੰਜਾਬ ਵਿੱਚ ਰੋਜ਼ੀ ਰੋਟੀ ਲਈ ਘਰਾਂ ’ਚ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਦੀ ਵੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ ਤਾਂ ਜੋ ਉਹ ਬੋਰਡ ਰਾਹੀਂ ਮਿਲਣ ਵਾਲੇ ਵਿੱਤੀ ਲਾਭ ਲੈ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਰਤ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਹਲਕੇ ਦੇ ਪਿੰਡ ਬਲੌਂਗੀ ਤੋਂ ਕਿਰਤੀ ਕਾਮਿਆਂ ਨੂੰ ਰਜਿਸਟਰੇਸ਼ਨ ਦੇ ਕਾਰਡ ਵੰਡਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਐਸ.ਏ.ਐਸ ਨਗਰ ਜ਼ਿਲ੍ਹੇ ਵਿੱਚ ਕਿਰਤੀ ਕਾਮਿਆਂ ਨੂੰ 7 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਰਤੀ ਕਾਮਿਆਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਹਲਕਾ ਐਸ.ਏ.ਐਸ ਨਗਰ ਵਿੱਚ ਕਿਰਤੀ ਕਾਮਿਆਂ ਦੀ ਰਜਿਸਟਰੇਸ਼ਟਨ ਲਈ ਪਿੰਡ ਪੱਧਰ ਉਤੇ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਉਸਾਰੀ ਦੇ ਕੰਮਾਂ ਵਿੱਚ ਲੱਗੇ ਕਿਰਤੀ ਕਾਮਿਆਂ ਨੂੰ ਆਪੋ ਆਪਣੀ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਫਾਇਦਾ ਲੈ ਸਕਣ। ਉਨ੍ਹਾਂ ਦੱਸਿਆ ਕਿ ਬੋਰਡ ਨਾਲ ਰਜਿਸਟਰਡ ਕਿਰਤ ਕਾਮਿਆਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਮੌਕੇ ਸ਼ਗਨ ਸਕੀਮ ਤਹਿਤ ਮਿਲਣ ਵਾਲੀ 31 ਹਜ਼ਾਰ ਰੁਪਏ ਦੀ ਰਾਸ਼ੀ ਨੂੰ ਵਧਾ ਕੇ 51 ਹਜ਼ਾਰ ਰੁਪਏ ਕੀਤਾ ਗਿਆ ਹੈ ਅਤੇ ਕਿਰਤੀ ਕਾਮਿਆਂ ਦੇ ਬੱਚਿਆਂ ਦੀ ਪਹਿਲੀ ਜਮਾਤ ਤੋਂ ਲੈ ਕੇ ਪੋਸਟਗਰੈਜੂਸ਼ਨ ਤੱਕ ਦੀ ਪੜ੍ਹਾਈ ਲਈ 3 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਸਾਲਾਨਾ ਵਜ਼ੀਫਾ ਦਿੱਤਾ ਜਾਂਦਾ ਹੈ। ਕੈਂਸਰ ਤੋਂ ਪੀੜਤ ਕਿਰਤੀ ਕਾਮਿਆਂ ਨੂੰ ਹੁਣ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਇਆ ਕਰੇਗੀ , ਜੋ ਕਿ ਪਹਿਲਾਂ 1 ਲੱਖ ਰੁਪਏ ਸੀ। ਬਾਲੜੀ ਤੋਹਫਾ ਸਕੀਮ ਤਹਿਤ ਉਸਾਰੀ ਕਿਰਤੀ ਦੀ ਲੜਕੀ ਦੇ ਜਨਮ ਸਮੇਂ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਕਿਰਤੀ ਕਾਮਿਆਂ ਲਈ ਡੇਂਗੂ, ਸਵਾਈਨ ਫਲੂ ਅਤੇ ਚਿਕਨਗੁਨੀਆ ਦੀ ਬਿਮਾਰੀ ਦਾ ਇਲਾਜ ਵੀ ਮੁਫ਼ਤ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਕਿਰਤੀ ਕਾਮਿਆਂ ਨੂੰ ਐਕਸਗਰੇਸ਼ੀਆ ਸਕੀਮ ਤਹਿਤ ਹਾਦਸੇ ਵਿੱਚ ਮੌਤ ਹੋਣ ’ਤੇ ਚਾਰ ਲੱਖ ਰੁਪਏ ਅਤੇ 100 ਫੀਸਦ ਅਪੰਗ ਹੋਣ ਦੀ ਸੂਰਤ ਵਿੱਚ ਵੀ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ’ਤੇ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਲਾਭਪਾਤਰੀ ਲਈ 60 ਸਾਲ ਦੀ ਉਮਰ ਅਤੇ 3 ਸਾਲ ਦੀ ਮੈਂਬਰਸ਼ਿਪ ਪੂਰੀ ਕਰਨ ਉਪਰੰਤ 2 ਹਜ਼ਾਰ ਰੁਪਏ ਪੈਨਸ਼ਨ ਵੀ ਦਿੱਤੀ ਜਾਂਦੀ ਹੈ ਤੇ ਉਸ ਦੀ ਮੌਤ ਹੋਣ ’ਤੇ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਫੈਮਲੀ ਪੈਨਸ਼ਨ ਵਜੋਂ ਦਿੱਤੇ ਜਾਂਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਨਰਿੰਦਰ ਸਿੰਘ ਅਤੇ ਸਹਾਇਕ ਲੇਬਰ ਕਮਿਸ਼ਨਰ ਸ.ਜਤਿੰਦਰਪਾਲ ਸਿੰਘ ਨੇ ਕਿਰਤ ਵਿਭਾਗ ਵੱਲੋਂ ਕਿਰਤੀ ਕਾਮਿਆਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਡਵੋਕੇਟ ਕੰਵਰਵੀਰ ਸਿੰਘ ਸਿੱਧੂ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਅਮਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਬੈਂਸ, ਐਸ.ਡੀ.ਐਮ ਜਗਦੀਪ ਸਹਿਗਲ, ਡਿਪਟੀ ਡਾਇਰੈਕਟਰ (ਪਸ਼ੂ ਪਾਲਣ) ਪ੍ਰਮਾਤਮਾ ਸਰੂਪ, ਜੀ.ਐਸ. ਰਿਆੜ, ਬਲੌਂਗੀ ਕਲੋਨੀ ਦੀ ਸਰਪੰਚ ਬੀਬੀ ਭਿੰਦਰਜੀਤ ਕੌਰ, ਕੁਲਦੀਪ ਸਿੰਘ ਬਿੱਟੂ, ਦਵਿੰਦਰ ਸ਼ਰਮਾ, ਕ੍ਰਿਸ਼ਨ ਬਾਲੀ, ਬੀਸੀ ਪ੍ਰੇਮੀ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਅਤੇ ਕਿਰਤੀ ਕਾਮੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ