ਡਾ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ
ਨਬਜ਼-ਏ-ਪੰਜਾਬ, ਮੁਹਾਲੀ, 12 ਜਨਵਰੀ:
ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਮੁਹਾਲੀ) ਵਿਖੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਤਿਕਾਰ ਭੇਟ ਕਰਦਿਆਂ ਰਾਸ਼ਟਰੀ ਯੁਵਾ ਦਿਵਸ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿੱਚ ਫੈਕਲਟੀ, ਵਿਦਿਆਰਥੀਆਂ ਅਤੇ ਸਨਮਾਨਿਤ ਮਹਿਮਾਨਾਂ ਦੀ ਸਰਗਰਮ ਸ਼ਮੂਲੀਅਤ ਦੇਖਣ ਨੂੰ ਮਿਲੀ। ਏਮਜ ਮੁਹਾਲੀ ਦੀ ਸਹਾਇਕ ਪ੍ਰੋਫੈਸਰ ਡਾ. ਅਨੰਨਿਆ ਰੇਅ ਨੇ ਸਵਾਮੀ ਵਿਵੇਕਾਨੰਦ ਦੇ ਪ੍ਰੇਰਨਾਦਾਇਕ ਜੀਵਨ ਇਤਿਹਾਸ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਿਵੇਕਾਨੰਦ ਦੀ ਅਸਾਧਾਰਨ ਜੀਵਨ ਯਾਤਰਾ, ਯੁਵਾ ਸਸ਼ਕਤੀਕਰਨ ਲਈ ਦ੍ਰਿਸ਼ਟੀਕੋਣ ਅਤੇ ਵਿਸ਼ਵ-ਵਿਆਪੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਉਜਾਗਰ ਕੀਤਾ।
ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ਦੀ ਅੱਜ ਦੀ ਦੁਨੀਆਂ ਵਿੱਚ ਪ੍ਰਸੰਗਿਕਤਾ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੀ ਹਮਦਰਦੀ ਅਤੇ ਏਕਤਾ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਤੋਂ ਪੇ੍ਰਰਨਾ ਲੈ ਕੇ ਸਮਾਜ ਵਿੱਚ ਸਾਰਥਿਕ ਯੋਗਦਾਨ ਪਾਉਣ ਲਈ ਪ੍ਰੇਰਿਆ।
ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਸੰਸਥਾ ਨੇ ਸਮਾਜਿਕ ਜ਼ਿੰਮੇਵਾਰੀ ਅਤੇ ਸੇਵਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਮਿਊਨਿਟੀ ਪਹਿਲਕਦਮੀਆਂ ਦੀ ਲੜੀ ਵੀ ਸ਼ੁਰੂ ਕੀਤੀ। ਡਾ. ਭਵਨੀਤ ਭਾਰਤੀ ਨੇ ਕਿਹਾ, ’’ਸਾਨੂੰ ਇਹ ਪਹਿਲ ਸ਼ੁਰੂ ਕਰਨ ’ਤੇ ਮਾਣ ਹੈ, ਜਿਸ ਵਿੱਚ ਸਾਡੇ ਵਿਦਿਆਰਥੀ ਸਮਾਜ ਸੇਵਾ ਵਿੱਚ ਸਰਗਰਮੀ ਨਾਲ ਹਿੱਸਾ ਲੈਣਗੇ, ਇਹ ਸਿੱਖਿਆ ਨੂੰ ਸਮਾਜਿਕ ਪ੍ਰਭਾਵ ਨਾਲ ਜੋੜਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਵੇਗ।’’ ਇਸ ਪਹਿਲਕਦਮੀ ਦਾ ਉਦਘਾਟਨ ਏਮਜ਼ ਮੁਹਾਲੀ ਦੇ ਫੈਕਲਟੀ ਮੈਂਬਰ ਡਾ. ਜੋਤੀ ਰੋਹਿਲਾ ਅਤੇ ਡਾ. ਪ੍ਰਿਅੰਕਾ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੀ ਭਾਈਚਾਰਕ ਕਾਰਜਾਂ ਵਿੱਚ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀ ਕਮਿਊਨਿਟੀ ਸੇਵਾ ਕਰਨ ਲਈ ਹਰੇਕ ਸਨਿੱਚਰਵਾਰ ਅਤੇ ਐਤਵਾਰ ਨੂੰ ਦੋ ਘੰਟੇ ਸਵੈ- ਇੱਛਾ ਨਾਲ ਸੇਵਾ ਕਰਨਗੇ।
ਸਮਾਗਮ ਵਿੱਚ ਸ਼ਾਰਕ ਟੈਂਕ-ਸ਼ੈਲੀ ਦਾ ਮੁਕਾਬਲਾ ਵੀ ਸ਼ਾਮਲ ਸੀ ਜਿਸ ਵਿੱਚ 2024 ਦੇ ਨੌਜਵਾਨ ਬੈਚ ਨੇ ਸਮਾਜਿਕ ਅਤੇ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਨਤਾਕਾਰੀ ਹੱਲ ਪੇਸ਼ ਕੀਤੇ। ਸਮਾਰੋਹ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ ਅਤੇ ਹਾਜ਼ਰੀਨ ਨੂੰ ਸਵਾਮੀ ਵਿਵੇਕਾਨੰਦ ਦੇ ਨਿਰਸਵਾਰਥ ਸੇਵਾ, ਏਕਤਾ ਅਤੇ ਨਵੀਨਤਾ ਦੇ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।