nabaz-e-punjab.com

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ: ਤੀਜੀ, ਚੌਥੀ ਤੇ ਪੰਜਵੀਂ ਦੇ ਐਸਏ-2 ਲਈ ਮਾਡਲ ਪ੍ਰਸ਼ਨ ਪੱਤਰ ਵਿਸ਼ੇ ਅਨੁਸਾਰ ਅਪਲੋਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਤੀਜੀ ਤੋਂ ਪੰਜਵੀ ਜਮਾਤਾਂ ਦੇ ਸਮੇਟਿਵ ਅਸੈਸਮੈਂਟ (ਐੱਸਏ)-2 ਦੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਤਿਆਰੀ ਲਈ ਮਾਡਲ ਪ੍ਰਸ਼ਨ ਪੱਤਰ ਵਿਸ਼ੇ ਅਨੁਸਾਰ ਅਪਲੋਡ ਕਰ ਦਿੱਤੇ ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਓਪੀ ਸੋਨੀ ਦੀ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਮਾਡਲ ਪ੍ਰਸ਼ਨ ਪੱਤਰ ਤਿਆਰ ਕਰਕੇ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਅਪਲੋਡ ਕੀਤੇ ਗਏ ਹਨ। ਇਹ ਪ੍ਰਸ਼ਨ ਪੱਤਰ ਤੀਜੀ ਜਮਾਤ ਦੇ ਚਾਰ ਵਿਸ਼ਿਆਂ ਪੰਜਾਬੀ, ਅੰਗਰੇਜ਼ੀ, ਗਣਿਤ ਤੇ ਵਾਤਾਵਰਨ ਸਿੱਖਿਆ ਦੇ ਅਤੇ ਚੌਥੀ ਤੇ ਪੰਜਵੀਂ ਦੇ ਪੰਜ ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ ਤੇ ਵਾਤਾਵਰਨ ਸਿੱਖਿਆ ਦੇ ਹਨ। ਇਸ ਨਾਲ ਅਧਿਆਪਕ ਆਪਣੇ-ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਮਾਡਲ ਪ੍ਰਸ਼ਨ ਪੱਤਰਾਂ ਜਾਂ ਅਜਿਹੇ ਹੋਰ ਮਾਡਲ ਪ੍ਰਸ਼ਨ ਪੱਤਰ ਖ਼ੁਦ ਤਿਆਰ ਕਰਕੇ ਦੁਹਰਾਈ ਕਰਵਾਉਣਗੇ ਜਿਸ ਨਾਲ ਬੱਚਿਆਂ ਨੂੰ ਇਮਤਿਹਾਨਾਂ ਵਿੱਚ ਪ੍ਰਸ਼ਨ ਪੱਤਰ ਦਾ ਸਟਾਈਲ ਅਤੇ ਉਸ ਨੂੰ ਸਹੀ ਤੇ ਵਧੀਆ ਢੰਗ ਨਾਲ ਹੱਲ ਕਰਨ ਦਾ ਅੰਦਾਜ਼ਾ ਲੱਗੇਗਾ।
ਇਸ ਸਬੰਧੀ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਸਿੱਖਣ-ਸਿਖਾਉਣ ਦੀਆਂ ਨਵੀਆਂ ਤਕਨੀਕਾਂ ਨਾਲ ਪੜ੍ਹਾਇਆ ਗਿਆ ਹੈਂ ਜਿਸ ਨਾਲ ਵਿਦਿਆਰਥੀਆਂ ਦਾ ਸਿੱਖਣ ਪੱਧਰ ਵੀ ਉੱਚਾ ਹੋਇਆ ਹੈ। ਹੁਣ ਵਿਦਿਆਰਥੀਆਂ ਦਾ ਸਮੇਟਿਵ ਅਸੈਸਮੈਂਟ-2 ਜੋ ਕਿ ਮਾਰਚ 2019 ਵਿੱਚ ਕੀਤਾ ਜਾਣਾ ਹੈ। ਉਸ ਲਈ ਅਧਿਆਪਕ ਬੱਚਿਆਂ ਦੀ ਦੁਹਰਾਈ ’ਤੇ ਤਿਆਰੀ ਕਰਵਾ ਰਹੇ ਹਨ। ਪਾਠ-ਪੁਸਤਕਾਂ ਦੇ ਵਿਸ਼ਾ-ਵਸਤੂ ਨੂੰ ਸਮਝਣ ਲਈ ਬੱਚਿਆਂ ਨੂੰ ਦੁਹਰਾਈ ਕਰਵਾਉਣ ਲਈ ਮਾਡਲ ਪ੍ਰਸ਼ਨ-ਪੱਤਰਾਂ ਦੀ ਵੀ ਅਧਿਆਪਕਾਂ ਵੱਲੋਂ ਮੰਗ ਕੀਤੀ ਗਈ ਸੀ। ਜਿਸ ਨੂੰ ਸਿੱਖਿਆ ਵਿਭਾਗ ਨੇ ਪੂਰਾ ਕਰ ਦਿੱਤਾ ਹੈ। ਅਧਿਆਪਕ ਇਨ੍ਹਾਂ ਪ੍ਰਸ਼ਨ-ਪੱਤਰਾਂ ਵਾਂਗ ਆਪਣੇ-ਪੱਧਰ ’ਤੇ ਵੀ ਪ੍ਰਸ਼ਨ-ਪੱਤਰ ਤਿਆਰ ਕਰਵਾ ਕੇ ਦੁਹਰਾਈ ਕਰਵਾਉਣ ਤਾਂ ਜੋ ਬੱਚੇ ਦੀ ਪਾਠਕ੍ਰਮ ਦੇ ਵਿਸ਼ਾ-ਵਸਤੂ ਦੀ ਸਮਝ ਗੂੜੀ ਬਣ ਸਕੇ।
ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦਾ ਸਮੇਟਿਵ ਅਸੈਸਮੈਂਟ-2 ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਸਸੀਈਆਰਟੀ) ਵੱਲੋਂ ਲਿਆ ਜਾਣਾ ਹੈਂ ਅਤੇ ਮੁਲੰਕਣ ਲਈ ਪ੍ਰਸ਼ਨ-ਪੱਤਰਾਂ ਦਾ ਸਟਾਈਲ ਮਾਡਲ ਪ੍ਰਸ਼ਨ ਪੱਤਰਾਂ ਅਨੁਸਾਰ ਹੋਵੇਗਾ। ਪਰ ਤੀਜੀ ਅਤੇ ਚੌਥੀ ਦੇ ਵਿਦਿਆਰਥੀਆਂ ਦਾ ਐੱਸਏ-2 ਸਕੂਲ ਪੱਧਰ ’ਤੇ ਅਧਿਆਪਕ ਵੱਲੋਂ ਹੀ ਲਿਆ ਜਾਣਾ ਹੈ ਪਰ ਸਕੂਲ ਮੁਖੀ ਧਿਆਨ ਵਿੱਚ ਰੱਖਣ ਕਿ ਮੁਲੰਕਣ ਲਈ ਪ੍ਰਸ਼ਨ ਪੱਤਰ ਦਾ ਸਟਾਈਲ ਮਾਡਲ ਪ੍ਰਸ਼ਨ ਪੱਤਰ ਵਾਲਾ ਹੋਵੇ। ਸਕੂਲ ਮੁਖੀ ਇਹ ਯਕੀਨੀ ਬਣਾਉਣ ਕਿ ਮਾਡਲ ਪ੍ਰਸ਼ਨ ਪੱਤਰ ਨੂੰ ਮੁਲੰਕਣ ਪ੍ਰਸ਼ਨ ਪੱਤਰ ਦੇ ਤੌਰ ’ਤੇ ਨਾ ਵਰਤਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…