‘ਪੰਜਾਬ ਦੇ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਣਾ ਗੈਰ ਵਾਜ਼ਬ: ਕੁਲਜੀਤ ਬੇਦੀ

ਪਹਿਲਾਂ ਦਿੱਲੀ ਨੂੰ ਤਬਾਹ ਕਰਨ ਵਾਲੇ ਕੇਜਰੀਵਾਲ ਹੁਣ ਪੰਜਾਬ ਨੂੰ ਤਬਾਹ ਕਰਨ ’ਤੇ ਉਤਾਰੂ ਹੋਏ

ਨਬਜ਼-ਏ-ਪੰਜਾਬ, ਮੁਹਾਲੀ, 10 ਫਰਵਰੀ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਲੀ ਤਲਬ ਕਰਨ ’ਤੇ ਸਖ਼ਤ ਨਿਖੇਧੀ ਕੀਤੀ ਹੈ। ਬੇਦੀ ਨੇ ਕਿਹਾ ਕਿ ਕੇਜਰੀਵਾਲ, ਜਿਸ ਨੇ ਦਿੱਲੀ ਦਾ ਬੇੜਾ ਗਰਕ ਕੀਤਾ, ਹੁਣ ਪੰਜਾਬ ਦੇ ਹਾਲਾਤ ਵੀ ਵਿਗਾੜਨ ‘ਤੇ ਉਤਾਰੂ ਹੈ। ਉਨ੍ਹਾਂ ਨੇ ਦਿੱਲੀ ਦੇ ਪ੍ਰਸ਼ਾਸਨਿਕ ਮਾਡਲ ਨੂੰ ‘‘ਫੇਲ ਹੋਇਆ ਮਾਡਲ’’ ਕਰਾਰ ਦਿੰਦਿਆਂ ਕਿਹਾ ਕਿ ਆਪ ਨੇ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦਿਆਂ ਅਤੇ ਭਰਮਕ ਐਡਵਰਟਾਈਜ਼ਮੈਂਟ ਰਾਹੀਂ ਗੁੰਮਰਾਹ ਕੀਤਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਲੀ ਤਲਬ ਕਰਨਾ ਮੰਦਭਾਗਾ ਹੈ। ਉਨ੍ਹਾਂ ਨੇ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਨੂੰ ਕੇਜਰੀਵਾਲ ਦੇ ਹਵਾਲੇ ਕਰਨਾ, ਇੱਕ ਤਾਨਾਸ਼ਾਹੀ ਵਾਲਾ ਫ਼ੈਸਲਾ ਹੈ। ਕੁਲਜੀਤ ਬੇਦੀ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਪੰਜਾਬ ਵਿੱਚ ਕੋਈ ਨਵੇਂ ਨਿਰਦੇਸ਼ ਦੇਣੇ ਸਨ, ਤਾਂ ਉਹ ਖੁਦ ਇੱਥੇ ਆ ਸਕਦਾ ਸੀ। ਪਰ ਦਿੱਲੀ ਦੇ ਆਗੂ, ਜੋ ਆਪਣੇ ਹੀ ਸ਼ਹਿਰ ‘ਚ ਲੋਕਾਂ ਦੀ ਨਕਾਰ ਦਾ ਸ਼ਿਕਾਰ ਹੋ ਚੁੱਕੇ ਹਨ, ਉਹ ਹੁਣ ਪੰਜਾਬ ਦੇ ਨਿਕੰਮੇ ਪ੍ਰਬੰਧ ਵਿੱਚ ਦਖਲ ਦੇਣ ਲਈ ਆਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ ਦੇ ਆਦੇਸ਼ਾਂ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਪੰਜਾਬ ਦੀ ਖ਼ੁਦਮੁਖ਼ਤਿਆਰਤਾ ’ਤੇ ਗੰਭੀਰ ਪ੍ਰਸ਼ਨ ਚੁੱਕਦੇ ਹਨ।
ਕੁਲਜੀਤ ਬੇਦੀ ਨੇ ਕਿ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਜੋ ਪੰਜ ਮਹੀਨੇ ਬਾਅਦ ਹੋਣੀ ਸੀ, ਉਸ ਦੇ ਰੱਦ ਹੋਣ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ‘ਚ ਕਈ ਮਹੱਤਵਪੂਰਨ ਫੈਸਲੇ ਲਏ ਜਾਣੇ ਸਨ, ਪਰ ਕੇਜਰੀਵਾਲ ਦੀ ਦਿੱਲੀ ਤਲਬੀ ਕਾਰਨ ਇਹ ਮੁੜ ਰੱਦ ਕਰ ਦਿੱਤੀ ਗਈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਨੀਤੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਵਿਧਾਇਕ ਹੁਣ ਵੀ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ।
ਆਮ ਆਦਮੀ ਪਾਰਟੀ ਵੱਲੋਂ ‘‘ਦਿੱਲੀ ਮਾਡਲ’’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ’ਤੇ ਆਲੋਚਨਾ ਕਰਦਿਆਂ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਸ ਮਾਡਲ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ, ਜਿਸ ਨੂੰ ਆਪ ਨੇ ਇੱਕ ਆਦਰਸ਼ ਮਾਡਲ ਵਜੋਂ ਪੇਸ਼ ਕੀਤਾ, ਅਸਲ ‘ਚ ਨਿਕੰਮਾ ਅਤੇ ਬੇਕਾਰ ਮਾਡਲ ਨਿਕਲਿਆ। ਨਾ ਖੁਦ ‘ਚ ਕੋਈ ਨਵਾਪਨ, ਨ ਕੋਈ ਵਿਕਾਸ, ਸਗੋਂ ਦਿੱਲੀ ਦੇ ਹਸਪਤਾਲ, ਸਕੂਲ, ਅਤੇ ਯਾਤਰਾ ਪ੍ਰਬੰਧ ਵੀ ਦਿਨੋ-ਦਿਨ ਖਰਾਬ ਹੋ ਰਹੇ ਹਨ। ਹੁਣ, ਕੇਜਰੀਵਾਲ ਇਹ ਫੇਲ੍ਹ ਹੋਇਆ ਮਾਡਲ ਪੰਜਾਬ ‘ਚ ਲਿਆਉਣ ਚਾਹੁੰਦਾ ਹੈ, ਜੋ ਕਿ ਪੰਜਾਬ ਦੀ ਜਨਤਾ ਕਦੇ ਸਵੀਕਾਰ ਨਹੀਂ ਕਰੇਗੀ। ਬੇਦੀ ਨੇ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਆਪਣੀ ਸਵੈ-ਸੰਭਾਲ ਵਿੱਚ ਰਹਿਣਾ ਪਸੰਦ ਕੀਤਾ ਹੈ। ਅਸੀਂ ਕਿਸੇ ਵੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਕੇਜਰੀਵਾਲ ਦਾ ਪੰਜਾਬ ‘ਤੇ ਜ਼ਬਰਦਸਤੀ ਹੋ ਰਿਹਾ ਦਖ਼ਲ, ਪੰਜਾਬੀਆਂ ਨੂੰ ਕਦੇ ਵੀ ਕਬੂਲ ਨਹੀਂ ਹੋਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਸੂਬੇ ਦੇ ਲੋਕਾਂ ਦੀ ਸੁਣਣੀ ਚਾਹੀਦੀ ਹੈ, ਨਾ ਕਿ ਦਿੱਲੀ ਦੇ ਆਦੇਸ਼ਾਂ ‘ਤੇ ਕੰਮ ਕਰਨਾ ਚਾਹੀਦਾ ਹੈ। ਜੇਕਰ ਉਹ ਲੋਕਾਂ ਦੀ ਅਣਦੇਖੀ ਕਰੇਗਾ, ਤਾਂ ਪੰਜਾਬੀ ਉਨ੍ਹਾਂ ਨੂੰ ਵੀ ਉਹੀ ਹਸ਼ਰ ਵਿਖਾਉਣਗੇ, ਜੋ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਕੀਤਾ। ਬੇਦੀ ਨੇ ਪੰਜਾਬ ਸਰਕਾਰ ਨੂੰ ਗਰਾਉਂਡ ਜ਼ੀਰੋ ’ਤੇ ਆਉਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਆਪ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਤੇ ਐਡਵਰਟਾਈਜ਼ਮੈਂਟਾਂ ਦਾ ਕੋਈ ਫਾਇਦਾ ਨਹੀਂ, ਜਦ ਤੱਕ ਗਰਾਉਂਡ ’ਤੇ ਅਸਲ ਕੰਮ ਨਹੀਂ ਹੁੰਦੇ।’’ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਝੂਠੇ ਵਾਅਦੇ ਨਹੀਂ, ਬਲਕਿ ਅਸਲ ਵਿਕਾਸ ਦੀ ਲੋੜ ਹੈ। ਸਾਨੂੰ ਉਹ ਪੰਜਾਬ ਚਾਹੀਦਾ ਹੈ, ਜਿੱਥੇ ਸਰਕਾਰ ਲੋਕਾਂ ਦੀ ਸੁਣੇ, ਨਾ ਕਿ ਦਿੱਲੀ ਦੀ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਦੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਬਹਾਲ ਕਰਨ ਦੀ ਮੰਗ

ਵੈਟਰਨਰੀ ਡਾਕਟਰਾਂ ਦੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਬਹਾਲ ਕਰਨ ਦੀ ਮੰਗ ਨਬਜ਼-ਏ-ਪੰਜਾਬ, ਮੁਹਾਲੀ, 9 ਫਰਵਰੀ: ਪੰ…