ਪੰਜਾਬ ਸਰਕਾਰ ਦੀ ਤਰਫ਼ੋਂ ਭਗਵੰਤ ਮਾਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦਾ ਮੁਹਾਲੀ ਵਿੱਚ ਨਿੱਘਾ ਸਵਾਗਤ

ਪੰਜਾਬ ਦੀ ਧਰਤੀ ਨੇ ਸ਼ਹੀਦਾਂ ਤੇ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ: ਰਾਸ਼ਟਰਪਤੀ ਦ੍ਰੋਪਤੀ ਮੁਰਮੂ

ਰਾਸ਼ਟਰਪਤੀ ਦਾ ਸੰਘਰਸ਼ ਤੇ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ: ਮੁੱਖ ਮੰਤਰੀ

ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅੱਜ ਮੁਹਾਲੀ ਵਿਖੇ ਦੇਸ਼ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਦੋ ਰੋਜ਼ਾ ਪੰਜਾਬ ਦੇ ਦੌਰੇ ’ਤੇ ਹਨ। ਇਸ ਸਬੰਧੀ ਅੱਜ ਦੇਰ ਸ਼ਾਮ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਸੈਕਟਰ-81 ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਗੁਰੂਆਂ ਦੇ ਆਸ਼ੀਰਵਾਦ ਅਤੇ ਪ੍ਰੇਰਨਾ ਨਾਲ ਪੰਜਾਬ ਦੀ ਧਰਤੀ ਨੇ ਸ਼ਹੀਦਾਂ ਅਤੇ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਹੈ। ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਮਹੱਤਵਪੂਰਨ ਅਧਿਆਇ ਪੰਜਾਬ ਦੀ ਧਰਤੀ ‘ਤੇ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੇਵਾ ਅਤੇ ਸਮਰਪਣ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਕਾਇਮ ਕੀਤੀਆਂ ਹਨ। ਦੁਨੀਆ ਭਰ ਦੇ ਗੁਰਦੁਆਰਿਆਂ ਦਾ ਲੰਗਰ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਲੋਕਾਂ ਲਈ ਖੁੱਲ੍ਹਾ ਹੈ। ਦੁਨੀਆ ਭਰ ਦੇ ਲੋਕਾਂ ਨੇ ਲੰਗਰ ਸੇਵਾ ਦੀ ਕਲਾ ਪੰਜਾਬ ਦੇ ਲੋਕਾਂ ਤੋਂ ਸਿੱਖੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਵਿੱਚ ਪੰਜਾਬ ਦੇ ਬਹਾਦਰ ਸੈਨਿਕਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਪੰਜਾਬ ਦੀ ਧਰਤੀ ਨੇ ਅਸਾਧਾਰਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਸਮਾਜ ਸੁਧਾਰ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਉਦਯੋਗ, ਖੇਡਾਂ, ਰਾਜਨੀਤੀ ਅਤੇ ਸਮਾਜ ਸੇਵਾ ਵਰਗੇ ਕਈ ਖੇਤਰਾਂ ਵਿੱਚ ਦੇਸ਼ ਅਤੇ ਦੁਨੀਆ ਵਿੱਚ ਯੋਗਦਾਨ ਪਾਇਆ ਹੈ। ਪੰਜਾਬ ਨੇ ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਵੀ ਮੋਹਰੀ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ 1960 ਦੇ ਦਹਾਕੇ ਤੋਂ ਜਦੋਂ ਦੇਸ਼ ਵਿੱਚ ਅਨਾਜ ਦੀ ਘਾਟ ਸੀ, ਪੰਜਾਬ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਹਰੀ ਕ੍ਰਾਂਤੀ ਨੂੰ ਸਫਲ ਬਣਾਇਆ ਅਤੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਦੇ ਕਿਸਾਨ ਅਤੇ ਖੇਤੀਬਾੜੀ ਵਿਗਿਆਨੀ ਇੱਕ ਵਾਰ ਫਿਰ ਵਾਤਾਵਰਨ ਅਨੁਕੂਲ ਖੇਤੀ ਅਪਣਾਉਂਦੇ ਹੋਏ ਖੇਤੀਬਾੜੀ ਦੇ ਖੇਤਰ ਵਿੱਚ ਪੂਰੇ ਦੇਸ਼ ਨੂੰ ਅਗਵਾਈ ਪ੍ਰਦਾਨ ਕਰਨਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਦੀ ਫੇਰੀ ਸੂਬੇ ਦੇ ਇਤਿਹਾਸ ਵਿੱਚ ਅੱਜ ਸੁਨਹਿਰੀ ਦਿਨ ਹੈ ਅਤੇ ਹਰ ਪੰਜਾਬੀ ਬੇਹੱਦ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਮਹਾਨ ਗੁਰੂਆਂ, ਸੰਤਾਂ ਅਤੇ ਪੀਰ-ਪੈਗੰਬਰਾਂ ਦੀ ਪਵਿੱਤਰ ਧਰਤੀ ਪੰਜਾਬ ’ਤੇ ਰਾਸ਼ਟਰਪਤੀ ਦਾ ਸਵਾਗਤ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਆਪਣੀ ਫੇਰੀ ਦੌਰਾਨ ਭਾਰਤ ਦੇ ਰਾਸ਼ਟਰਪਤੀ ਪੰਜਾਬੀਆਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਸੂਬੇ ਦੀ ਸ਼ਾਨਦਾਰ ਸਭਿਆਚਾਰਕ ਵਿਰਾਸਤ ਦੇ ਗਵਾਹ ਬਣਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਅੱਜ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਅਤੇ ਬੁੱਧਵਾਰ ਨੂੰ ਉਹ ਪੰਜਾਬ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਰਾਸ਼ਟਰਪਤੀ ਦੀ ਫੇਰੀ, ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਅਤੇ ਸਮਰਪਣ ਲਈ ਪ੍ਰੇਰਿਤ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ ਕਿਉਂਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਨਿੱਜੀ ਅਤੇ ਪੇਸ਼ੇਵਰ ਪੱਧਰ ’ਤੇ ਸਖ਼ਤ ਸੰਘਰਸ਼ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਆਪਣੀ ਸਖ਼ਤ ਮਿਹਨਤ, ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਨਾਲ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਛੂਹੀਆਂ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਇਹ ਪ੍ਰਾਪਤੀ ਉਨ੍ਹਾਂ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਵਰਗੇ ਆਲਮੀ ਆਗੂਆਂ ਦੀ ਕਤਾਰ ਵਿੱਚ ਖੜ੍ਹਾ ਕਰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਯਾਦਗਾਰੀ ਪਲ ਹੈ ਅਤੇ ਪੂਰਾ ਪੰਜਾਬ ਦੇਸ਼ ਦੇ ਰਾਸ਼ਟਰਪਤੀ ਦਾ ਇਸ ਦੌਰੇ ਦੌਰਾਨ ਨਿੱਘਾ ਸਵਾਗਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮੁਬਾਰਕ ਧਰਤੀ ‘ਤੇ ਦੇਸ਼ ਦੇ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਮਾਣ ਮਹਿਸੂਸ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਅਤੇ ਅਗਾਂਹ-ਵਧੂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮਨਿਰਭਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਨਾਲ-ਨਾਲ, ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਵੀ ਹਾਸਲ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਬਹਾਦਰ ਪੰਜਾਬੀ ਆਪਣੀ ਹਿੰਮਤ, ਅਥਾਹ ਹੌਸਲੇ ਅਤੇ ਸਖ਼ਤ ਉੱਦਮੀ ਭਾਵਨਾ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ’ਤੇ ਇਤਿਹਾਸ ਦੇ ਕਈ ਪੰਨਿਆਂ ਨੂੰ ਨੇੜਿਓਂ ਦੇਖਿਆ ਹੈ। ਇਸ ਤੋਂ ਪਹਿਲਾਂ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਸਮਾਗਮ ਦੌਰਾਨ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਸ਼ੀਲ ਨਾਗੂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੀਜੀਸੀ ਲਾਂਡਰਾਂ ਦੇ ਹੋਸਪਿਟੈਲਿਟੀ ਮੈਨੇਜਮੈਂਟ ਨੇ ਸਟਾਰਬਕਸ ਨਾਲ ਕੀਤਾ ਸਮਝੌਤਾ

ਸੀਜੀਸੀ ਲਾਂਡਰਾਂ ਦੇ ਹੋਸਪਿਟੈਲਿਟੀ ਮੈਨੇਜਮੈਂਟ ਨੇ ਸਟਾਰਬਕਸ ਨਾਲ ਕੀਤਾ ਸਮਝੌਤਾ ਨਬਜ਼-ਏ-ਪੰਜਾਬ, ਮੁਹਾਲੀ, 11…