ਫਿਰੌਤੀ ਰੈਕਟ ਦਾ ਪਰਦਾਫਾਸ਼, ਖ਼ੁਦ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸਣ ਵਾਲਾ ਗ੍ਰਿਫ਼ਤਾਰ
ਮੁਲਜ਼ਮ, ਆਟੋ-ਮੋਬਾਈਲ ਸ਼ੋਅਰੂਮ ਦੇ ਮਾਲਕ ਤੋਂ ਮੰਗ ਰਿਹਾ ਸੀ ਇੱਕ ਕਰੋੜ ਦੀ ਫਿਰੌਤੀ, ਕੇਸ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 19 ਅਪਰੈਲ:
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਮੁਹਾਲੀ ’ਚੋਂ ਇੱਕ ਨੌਜਵਾਨ, ਜੋ ਖ਼ੁਦ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸ ਕੇ ਇੱਕ ਸਥਾਨਕ ਆਟੋ-ਮੋਬਾਈਲ ਸ਼ੋਅਰੂਮ ਮਾਲਕ ਤੋਂ ਜਬਰੀ ਪੈਸੇ ਵਸੂਲਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲਵਜੀਤ ਸਿੰਘ ਵਾਸੀ ਬਰਗਾੜੀ (ਫਰੀਦਕੋਟ) ਵਜੋਂ ਹੋਈ ਹੈ। ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਮੁਲਜ਼ਮ ਲਵਜੀਤ ਸਿੰਘ ਦੇ ਖ਼ਿਲਾਫ਼ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਪੁਲੀਸ ਤੋਂ ਬਚਣ ਲਈ ਆਪਣੀ ਪਛਾਣ ਛੁਪਾਉਣ ਅਤੇ ਫਿਰੌਤੀ ਕਾਲਾਂ ਕਰਨ ਲਈ ਵਰਚੁਅਲ ਨੰਬਰਾਂ ਅਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਹੈ। ਲੋਕਾਂ ਨੂੰ ਫ਼ਰਜ਼ੀ ਫਿਰੌਤੀ ਕਾਲਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਪੁਲੀਸ ਮੁਖੀ ਨੇ ਕਿਹਾ ਕਿ ਹਾਲ ਹੀ ਵਿੱਚ ਇਹ ਦੇਖਿਆ ਗਿਆ ਹੈ ਕਿ ਕਈ ਅਣਪਛਾਤੇ ਅਪਰਾਧੀ, ਜਿਨ੍ਹਾਂ ਦਾ ਕਿਸੇ ਵੀ ਗਰੋਹ ਜਾਂ ਗੈਂਗਸਟਰਾਂ ਨਾਲ ਕੋਈ ਸਬੰਧ ਵੀ ਨਹੀਂ ਹੁੰਦਾ, ਅਜਿਹੇ ਸੰਗਠਨਾਂ ਦਾ ਨਾਂ ਵਰਤ ਕੇ ਲੋਕਾਂ ਦੇ ਡਰ ਦਾ ਫ਼ਾਇਦਾ ਉੱਠਾ ਰਹੇ ਹਨ।
ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਫਿਰੌਤੀ ਕਾਲਾਂ ਆਉਂਦੀਆਂ ਹਨ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਾਨੂੰਨ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕੇ। ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਏਜੀਟੀਐਫ਼ ਨੇ ਮਲੇਸ਼ੀਆ ਤੋਂ ਚਲਾਏ ਜਾ ਰਹੇ ਇੱਕ ਜਾਅਲੀ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਗਾਇਕਾਂ, ਕਾਰੋਬਾਰੀਆਂ ਅਤੇ ਅਮੀਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੁਲਜ਼ਮ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਜੋਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਕੇ ਪੈਸੇ ਵਸੂਲਦਾ ਸੀ।
ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਏਜੀਟੀਐਫ਼ ਨੂੰ ਫਿਰੌਤੀ ਬਾਰੇ ਸ਼ਿਕਾਇਤ ਮਿਲੀ ਸੀ, ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਕਨੀਕੀ ਜਾਣਕਾਰੀ ਅਤੇ ਖ਼ੁਫ਼ੀਆ ਇਤਲਾਹ ਰਾਹੀਂ ਕਾਲਾਂ ਕਰਨ ਵਾਲੇ ਦੇ ਅਸਲ ਟਿਕਾਣੇ ਦਾ ਪਤਾ ਲਗਾਇਆ, ਜਿਸ ਨਾਲ ਮੁਲਜ਼ਮ ਲਵਜੀਤ ਦੀ ਪਛਾਣ ਕਰਕੇ ਉਸ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਏਆਈਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਮੁਲਜ਼ਮ ਲਵਜੀਤ, ਸੋਸ਼ਲ ਮੀਡੀਆ ਦਾ ਸ਼ੌਕੀਨ ਸੀ। ਇੱਕ ਸ਼ਾਨਦਾਰ ਜੀਵਨ-ਸ਼ੈਲੀ ਦੀ ਹੋੜ ਨੇ, ਉਸ ਨੂੰ ਅਪਰਾਧ ਦੀ ਦੁਨੀਆਂ ਵਿੱਚ ਧਕੇਲ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ, ਕਾਨੂੰਨ ਤੋਂ ਬਚਣ ਲਈ ਫ਼ਿਰੌਤੀ ਕਾਲਾਂ ਕਰਦੇ ਹੋਏ ਆਪਣੀ ਪਛਾਣ ਛੁਪਾਉਣ ਲਈ ਵਰਚੁਅਲ ਨੰਬਰਾਂ ਅਤੇ ਐਨਕ੍ਰਿਪਟਡ ਐਪਸ ਦੀ ਵਰਤੋਂ ਕਰਦਾ ਸੀ।