ਮੁਹਾਲੀ ਵਿੱਚ ਲੁੱਟ-ਖੋਹ ਦੇ ਮਾਮਲੇ ਵਿੱਚ ਨਾਬਾਲਗ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਦਰਜਨ ਮੋਬਾਈਲ ਫੋਨ ਤੇ ਮੋਟਰ ਸਾਈਕਲ ਬਰਾਮਦ, ਪਰਚੇ ਵਿੱਚ ਦੋ ਹੋਰ ਮੁਲਜ਼ਮ ਨਾਮਜ਼ਦ

ਨਬਜ਼-ਏ-ਪੰਜਾਬ, ਮੁਹਾਲੀ, 3 ਮਾਰਚ:
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਲੁੱਟ-ਖੋਹ ਕਰਨ ਦੇ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਆਕਾਸ਼ ਮਹਿਰਾ ਅਤੇ ਵਿਸ਼ਾਲ ਮਹਿਰਾ ਦੋਵੇਂ ਵਾਸੀ ਪਿੰਡ ਗੋਬਿੰਦਗੜ੍ਹ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਐਰੋਸਿਟੀ ਥਾਣਾ ਵਿੱਚ ਬੀਐਨਐਸ ਦੀ ਧਾਰਾ 304(2),3(5) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਐਰੋਸਿਟੀ ਥਾਣਾ ਦੇ ਐਸਐਚਓ ਜਸ਼ਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਐਸਆਈ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਆਕਾਸ਼ ਮਹਿਰਾ ਅਤੇ ਵਿਸ਼ਾਲ ਮਹਿਰਾ ਨੂੰ ਮੁਹਾਲੀ ਸਿਟੀ ਸੈਂਟਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਬੀਤੀ 23 ਫਰਵਰੀ ਨੂੰ ਸ਼ਾਮ 7 ਵਜੇ ਰਾਮ ਰਤਨ ਵਾਸੀ ਸੈਕਟਰ-66-ਬੀ (ਜੋ ਆਪਣੇ ਘਰ ਜਾ ਰਿਹਾ ਸੀ) ਨੂੰ ਸੈਕਟਰ-82 ਨੇੜੇ ਰਸਤੇ ਵਿੱਚ ਘੇਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪੀੜਤ ਕੋਲੋਂ ਖੋਹਿਆ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ 10 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਹਗੀਰਾਂ ਨੂੰ ਘੇਰ ਕੇ ਮੋਬਾਈਲ ਫੋਨ, ਸੋਨੇ ਦੀ ਚੇਨ ਅਤੇ ਨਗਦੀ ਖੋਹ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਅਤੇ ਰਾਜਪੁਰਾ ਥਾਣੇ ਵਿੱਚ ਚੋਰੀ ਅਤੇ ਸਨੈਚਿੰਗ ਦੇ ਦੋ ਪਰਚੇ ਦਰਜ ਹਨ।
ਐਰੋਸਿਟੀ ਥਾਣਾ ਦੇ ਐਸਐਚਓ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੀਜੀਸੀ ਲਾਂਡਰਾਂ ਵਿੱਚ ਐਡਵਾਂਸ ਆਈਸੀਟੀ ਟੂਲਸ ਫੋਰ ਇਫੈਕਟਿਵ ਟੀਚਿੰਗ ਐਂਡ ਲਰਨਿੰਗ ਵਰਕਸ਼ਾਪ

ਸੀਜੀਸੀ ਲਾਂਡਰਾਂ ਵਿੱਚ ਐਡਵਾਂਸ ਆਈਸੀਟੀ ਟੂਲਸ ਫੋਰ ਇਫੈਕਟਿਵ ਟੀਚਿੰਗ ਐਂਡ ਲਰਨਿੰਗ ਵਰਕਸ਼ਾਪ ਨਬਜ਼-ਏ-ਪੰਜਾਬ, ਮ…