Share on Facebook Share on Twitter Share on Google+ Share on Pinterest Share on Linkedin ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਰ ਵਧਾਉਣ ਤੇ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਕਿਸੇ ਵੀ ਟਰੇਨਿੰਗ ਪ੍ਰੋਗਰਾਮ ’ਤੇ ਨਾ ਭੇਜਿਆ ਜਾਵੇ: ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਐਜੂਸੈਟ ਰਾਹੀਂ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ ਵਿਸ਼ੇ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਕਲਾਸ ’ਚ ਪੜ੍ਹਾਏ ਪਾਠਕ੍ਰਮ ਦੀ ਨਵੇਂ ਸਿਰਿਓਂ ਦੁਹਰਾਈ ਕਰਵਾਉਣ ਦੇ ਹੁਕਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ: ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਐਜੂਸੈਟ ਰਾਹੀਂ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਰ ਵਧਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ। ਇਸ ਸਬੰਧੀ ਉਨ੍ਹਾਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਬਾਕੀ ਰਹਿੰਦੇ ਦਿਨਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਖ਼ਤ ਮਿਹਨਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਸਕੂਲਾਂ ਵਿੱਚ ਮਿਹਨਤੀ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਲਿਆਉਣ ਲਈ ਮਾਈਕਰੋ ਯੋਜਨਾਬੰਦੀ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਕਮਜ਼ੋਰ ਰਹਿ ਰਹੇ ਹਨ। ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਲਾਸ ਵਿੱਚ ਪੜ੍ਹਾਏ ਗਏ ਪਾਠਕ੍ਰਮ ਦੀ ਨਵੇਂ ਸਿਰਿਓਂ ਜ਼ਿਆਦਾ ਦੁਹਰਾਈ ਕਰਵਾਉਣ ਲਈ ਪ੍ਰੇਰਿਆ। ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਅਧਿਆਪਕ ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਕੋਈ ਵੀ ਪੀਰੀਅਡ ਖਾਲੀ ਨਹੀਂ ਛੱਡ ਰਹੇ ਉਨ੍ਹਾਂ ਦੀ ਸੂਚੀਆਂ ਵੀ ਮੁੱਖ ਦਫ਼ਤਰ ਨੂੰ ਭੇਜੀਆਂ ਜਾਣ ਤਾਂ ਜੋ ਉਨ੍ਹਾਂ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਸਕੇ। ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਸਕੂਲ ਪੱਧਰ ’ਤੇ ਪਹਿਲਾਂ ਕਲਾਸ ਵਿੱਚ ਟੈੱਸਟ ਲੈ ਕੇ ਉਨ੍ਹਾਂ ਦੀ ਦੁਹਰਾਈ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਪੇਪਰ ਹੱਲ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਕੂਲਾਂ ਦੇ ਸੁੰਦਰੀਕਰਨ ਲਈ ਸਕੱਤਰ ਨੇ ਸਬੰਧਤ ਇਲਾਕਿਆਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਾਬਾਸ਼ ਵੀ ਦਿੱਤੀ। ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ\ਐਲੀਮੈਂਟਰੀ) ਨੂੰ ਹਦਾਇਤ ਕੀਤੀ ਕਿ ਅਧਿਆਪਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਟਰੇਨਿੰਗ ਪ੍ਰੋਗਰਾਮ ’ਤੇ ਨਾ ਭੇਜਿਆ ਜਾਵੇ। ਕਿਉਂਕਿ ਇਹ ਸਮਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਅਧਿਆਪਕਾਂ ਨੂੰ ਨਾ ਟਾਲਣਯੋਗ ਹਾਲਤਾਂ ਕਾਰਨ ਛੁੱਟੀ ਦੀ ਬਹੁਤ ਜ਼ਿਆਦਾ ਲੋੜ ਹੋਵੇ ਉਸ ਨੂੰ ਹੀ ਪ੍ਰਵਾਨ ਕੀਤਾ ਜਾਵੇ ਅਤੇ ਮੈਡੀਕਲ ਛੁੱਟੀਆਂ ਜਾਂ ਹੋਰ ਛੁੱਟੀਆਂ ਸਬੰਧੀ ਵੀ ਪ੍ਰੀਖਿਆਵਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਭਾਗ ਨੇ ਵਿਸ਼ੇਸ਼ ਸਰਕੂਲਰ ਜਾਰੀ ਕਰ ਦਿੱਤਾ ਹੈ। ਸਕੱਤਰ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦਾ ਡਾਟਾ ਹਦਾਇਤਾਂ ਅਨੁਸਾਰ ਅਪਲੋਡ ਕੀਤਾ ਜਾਵੇ ਤਾਂ ਜੋ ਅਗਲੇ ਸੈਸ਼ਨ 2019-20 ਲਈ ਕਿਤਾਬਾਂ ਦੀ ਪੂਰਤੀ ਸਕੂਲਾਂ ਵਿੱਚ ਕੀਤੀ ਜਾ ਸਕੇ। ਮੀਟਿੰਗ ਵਿੱਚ ਸਹਾਇਕ ਡਾਇਰੈਕਟਰ (ਟਰੇਨਿੰਗਾਂ) ਡਾ. ਜਰਨੈਲ ਸਿੰਘ ਕਾਲੇਕੇ, ਐਜੂਸੈਟ ਦੇ ਡਿਪਟੀ ਐਸਪੀਡੀ ਕਰਮਜੀਤ ਕੌਰ, ਏਐਸਪੀਡੀ ਬਲਵਿੰਦਰ ਸਿੰਘ, ਅਮਰਜੀਤ ਸਿੰਘ, ਨਿਰਮਲ ਕੌਰ, ਹਰਪ੍ਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ\ਐਲੀਮੈਂਟਰੀ), ਸਮੂਹ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੇ ਭਾਗ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ