nabaz-e-punjab.com

ਪੰਜਾਬ ਦੇ 8 ਹਜ਼ਾਰ ਪੇਂਡੂ ਜਲ ਘਰਾਂ ਵਿੱਚ 1.25 ਲੱਖ ਰੁੱਖ ਲਗਾਏ ਜਾਣਗੇ: ਬਾਜਵਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸਾਫ ਸੂਥਰਾ ਅਤੇ ਸਿਹਤਮੰਦ ਸੂਬਾ ਬਣਾਉਣ ਲਈ ਉਲੀਕੀ ਗਈ ਵਿਸੇਸ ਯੋਜਨਾ ਤਹਿਤ ਸੂਬੇ ਦੇ ਸਾਰੇ ਕਰੀਬ 8000 ਪੇਂਡੂ ਜਲ ਘਰਾਂ ਵਿਚ ਇਸ ਸੀਜਨ ਦੌਰਾਨ 1.25 ਲੱਖ ਰੁੱਖ ਲਗਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨੇੜਲੇ ਪਿੰਡ ਬਲਿਆਲੀ ਦੇ ਪੇਂਡੂ ਜਲ ਘਰ ਤੋਂ ਸੂਬਾ ਪੱਧਰੀ ਰੁੱਖ ਲਗਾਓ ਮੁਹਿੰਮ ਦਾ ਇੱਕ ਰੁੱਖ ਲਗਾ ਕੇ ਆਗਾਜ਼ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰੀ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦੀ ਅਤੇ ਰਾਜ ਨੂੰ ਸਭ ਤੋਂ ਵੱਧ ਸਾਫ ਸੂਥਰਾ ਤੇ ਸਿਹਤਮੰਦ ਸੂਬਾ ਬਣਾਉਣ ਲਈ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਪੇਂਡੂ ਜਲ ਘਰ ਵਿਚ 15-15 ਰੁੱਖ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਜਲ ਘਰਾਂ ਉੱਤੇ ਤਾਇਨਾਤ ਕਰਮਚਾਰੀਆਂ ਦੀ ਹੋਵੇਗੀ।
ਮੰਤਰੀ ਨੇ ਹੋਰ ਕਿਹਾ ਕਿ ਵਾਤਾਵਰਣ ਦੀ ਸਵੱਛਤਾ ਲਈ ਅਤੇ ਰਾਜ ਨੂੰ ਹਰਿਆ-ਭਰਿਆ ਬਣਾਉਣ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਰੁੱਖ ਲਗਾਓ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸ੍ਰੀ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਨੂੰ 31 ਦਸੰਬਰ ਤੱਕ ਖੁੱਲੇ ਵਿਚ ਪਾਖਾਨਾ ਜਾਣ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਪਿੰਡਾਂ ’ਚ ਘਰਾਂ ਵਿਚ ਅਜੇ ਤੱਕ ਪਾਖਾਨੇ ਨਹੀਂ ਬਣੇ ਉੱਥੇ ਪਾਖਾਨੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਰਾਜ ਵਿੱਚ 15 ਅਗਸਤ ਤੱਕ ਪੂਰੇ ਹਫ਼ਤੇ ਦੌਰਾਨ ਲੋਕਾਂ ਨੂੰ ਵੱਖ-ਵੱਖ ਪ੍ਰਚਾਰ ਸਾਧਨਾਂ ਰਾਂਹੀ ਖੁੱਲੇ ਵਿਚ ਪਾਖਾਨਾ ਜਾਣ ਦੇ ਬੂਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਰਾਜ ਦੇ ਲੋਕਾਂ ਨੂੰ ਵੀ ਵਾਤਾਵਰਣ ਦੀ ਸਵੱਛਤਾ ਲਈ ਖੁੱਲੇ ਵਿਚ ਪਾਖਾਨਾ ਨਾ ਜਾਣ ਲਈ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਘਰਾਂ ਵਿਚ ਬਣੇ ਹੋਏ ਪਾਖਾਨਿਆਂ ਦੀ ਵਰਤੋਂ ਕਰਨ। ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੀ ਲੋਕਾਂ ਨੂੰ ਜਾਗਰੂਕ ਕਰੇਗਾ।
ਇਸ ਮੌਕੇ ਪੱਤਰਕਾਰਾਂ ਵੱਲੋਂ ਪਿਛਲੀ ਬਾਦਲ ਸਰਕਾਰ ਵੇਲੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਵਿਚ ਗਰਾਂਟਾਂ ਦੀ ਦੁਰਵਰਤੋਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਪਿੰਡ ਪੱਧਰ ਤੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ ਜਿਹੜੇ ਕਿ ਇਸ ਕੰਮ ਵਿਚ ਲੱਗੇ ਹੋਏ ਹਨ। ਗਰਾਂਟਾਂ ਦੀ ਦੂਰਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਪਿੰਡ ਦੀ ਗਰਾਂਟ ਦੀ ਦੁਰਵਰਤੋਂ ਸਬੰਧੀ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਤੁਰੰਤ ਜਾਂਚ ਕਰਵਾਈ ਜਾਂਦੀ ਹੈ। ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰ: ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਜੋ ਵਾਅਦੇ ਕੀਤੇ ਗਏ ਹਨ। ਉਹ ਪੰਜ ਸਾਲਾਂ ’ਚ ਸਮੇਂ ਸਮੇਂ ਤੇ ਹਰ ਕੀਮਤ ਤੇ ਪੂਰੇ ਕੀਤੇ ਜਾਣਗੇ।
ਪਿੰਡ ਬਲਿਆਲੀ ਦੇ ਪੇਂਡੂ ਜਲ ਘਰ ਵਿਖੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਵਿਸੇਸ਼ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਸ਼ਵਨੀ ਕੁਮਾਰ ਸ਼ਰਮਾ ਆਈ.ਏ.ਐਸ., ਮੁੱਖ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸ੍ਰੀ ਅਵਤਾਰ ਸਿੰਘ ਕਲਸੀ, ਡਾਇਰੈਕਟਰ ਸੈਨੀਟੇਸ਼ਨ ਵਿਭਾਗ ਮੁਹੰਮਦ ਇਸ਼ਫਾਕ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਦੇ ਓ.ਐਸ.ਡੀ. ਸ੍ਰ: ਗੁਰਦਰਸ਼ਨ ਸਿੰਘ ਬਾਹੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਗਰਗ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸੁਖਵਿੰਦਰ ਸਿੰਘ ਪੰਧੇਰ, ਐਸਡੀਐਮ ਸ੍ਰੀ ਆਰ.ਪੀ. ਸਿੰਘ, ਡੀਡੀਪੀਓ ਡੀ.ਕੇ ਸਾਲਦੀ, ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਅਤੇ ਪਿੰਡ ਦੇ ਸਰਪੰਚ ਰਾਜ ਸਿੰਘ ਨੇ ਵੀ ਇੱਕ ਇੱਕ ਰੁੱਖ ਲਗਾਇਆ। ਇਸ ਮੌਕੇ ਗੁਰਚਰਨ ਸਿੰਘ ਭੰਵਰਾ, ਸਤਪਾਲ ਸਿੰਘ ਕਛਿਆੜਾ ਸਮੇਤ ਪਿੰਡ ਬਲਿਆਲੀ ਦੇ ਹੋਰ ਪੰਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…