
ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਤਸਕਰੀ ਮਾਮਲੇ ਵਿੱਚ ਅੰਮ੍ਰਿਤਸਰ ਤੋਂ 1 ਕਾਬੂ, 18 ਕਿੱਲੋ ਹੈਰੋਇਨ ਬਰਾਮਦ
ਮੁਲਜ਼ਮ ਦਾ ਸਾਥੀ ਕੁਲਵਿੰਦਰ ਫ਼ਰਾਰ, ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ: ਡੀਜੀਪੀ ਗੌਰਵ ਯਾਦਵ
ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਿਆਂ ਦੀਆਂ ਖੇਪਾਂ ਦੀ ਕੀਤੀ ਜਾ ਰਹੀ ਸੀ ਤਸਕਰੀ: ਏਡੀਜੀਪੀ ਨੀਲੱਭ ਕਿਸ਼ੋਰ
ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਸਰਹੱਦੋਂ ਪਾਰ ਨਸ਼ਾ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ’ਚੋਂ 18.2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਹੀਰਾ ਸਿੰਘ ਉਰਫ਼ ਹੀਰਾ ਵਾਸੀ ਪਿੰਡ ਖੈਰਾ (ਅੰਮ੍ਰਿਤਸਰ) ਵਜੋਂ ਹੋਈ ਹੈ। ਜਦੋਂਕਿ ਉਸ ਦਾ ਇੱਕ ਸਾਥੀ ਕੁਲਵਿੰਦਰ ਸਿੰਘ ਉਰਫ਼ ਕਿੰਦਾ ਫ਼ਰਾਰ ਹੈ। ਪੁਲੀਸ ਨੇ ਉਸ ਦੀ ਐਚ.ਐਫ. ਡੀਲਕਸ ਮੋਟਰਸਾਈਕਲ ਵੀ ਜ਼ਬਤ ਕੀਤੀ ਹੈ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਮੁਹਾਲੀ ਸਥਿਤ ਏਐਨਟੀਐਫ਼ ਥਾਣੇ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹੀਰਾ ਸਿੰਘ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਉਰਫ਼ ਕਿੰਦਾ ਵਾਸੀ ਪਿੰਡ ਦਾਉਕੇ (ਅੰਮ੍ਰਿਤਸਰ) ਪਾਕਿਸਤਾਨ ਆਧਾਰਿਤ ਨਸ਼ਾ ਤਸਕਰ ਬਿੱਲਾ ਦੇ ਸੰਪਰਕ ਵਿੱਚ ਸਨ। ਬਿੱਲਾ ਪਿਛਲੇ ਸਾਲ ਤੋਂ ਪਾਕਿਸਤਾਨ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਨੂੰ ਡਰੋਨ ਰਾਹੀਂ ਪੰਜਾਬ ਵਿੱਚ ਪਹੁੰਚਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਕੁਲਵਿੰਦਰ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਜਾਂਚ ਜਾਰੀ ਹੈ।
ਏਡੀਜੀਪੀ ਨੀਲੱਭ ਕਿਸ਼ੋਰ ਨੇ ਦੱਸਿਆ ਕਿ ਏਐਨਟੀਐਫ਼ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਹੀਰਾ ਸਿੰਘ ਅਤੇ ਕੁਲਵਿੰਦਰ ਸਿੰਘ ਨਾਮੀ ਨਸ਼ਾ ਤਸਕਰ ਪਿਛਲੇ ਸਾਲ ਤੋਂ ਪਾਕਿਸਤਾਨ ਆਧਾਰਿਤ ਨਸ਼ਾ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਪ੍ਰਾਪਤ ਕਰ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏਐਨਟੀਐਫ਼ ਅੰਮ੍ਰਿਤਸਰ ਦੇ ਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮਾਂ ਨੇ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਹੀਰਾ ਸਿੰਘ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਹੈਰੋਇਨ ਦੀ ਖੇਪ ਪਹੁੰਚਾਉਣ ਲਈ ਮੋਟਰ ਸਾਈਕਲ ’ਤੇ ਆਪਣੇ ਘਰੋਂ ਨਿਕਲ ਰਿਹਾ ਸੀ। ਪੁਲੀਸ ਟੀਮਾਂ ਨੇ ਉਸ ਦੇ ਕਬਜ਼ੇ ’ਚੋਂ 12 ਪੈਕੇਟ ਹੈਰੋਇਨ (1.5 ਕਿੱਲੋ ਹਰੇਕ), ਜਿਸ ਦਾ ਕੁੱਲ ਵਜ਼ਨ 18 ਕਿੱਲੋ 227 ਗਰਾਮ ਹੈ, ਬਰਾਮਦ ਕੀਤੀ ਗਈ ਹੈ। ਏਡੀਜੀਪੀ ਨੇ ਕਿਹਾ ਕਿ ਹੈਰੋਇਨ ਸਪਲਾਈ ਦੀ ਲੜੀ ਨੂੰ ਤੋੜਨ ਲਈ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਹੋਰ ਅਹਿਮ ਖ਼ੁਲਾਸੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।