nabaz-e-punjab.com

ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ 10 ਕਰੋੜ ਕਣਕ ਘਪਲੇ ਵਿੱਚ 14 ਫੂਡ ਇੰਸਪੈਕਟਰ ਮੁਅੱਤਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਜੂਨ:
ਭ੍ਰਿਸ਼ਟਾਚਾਰ ਨੂੰ ਰੱਤੀ ਭੱਰ ਵੀ ਸਹਿਣ ਨਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਦੇ ਕਥਿਤ ਕਣਕ ਘੁਟਾਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ 14 ਇੰਸਪੈਕਟਰ ਮੁਅੱਤਲ ਕਰ ਦਿੱਤੇ ਹਨ। ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਅੱਤਲੀ ਦੇ ਹੁਕਮ ਸੀ.ਵੀ.ਸੀ. ਟੀਮ ਦੀ ਰਿਪੋਰਟ ਤੋਂ ਬਾਅਦ ਕੀਤੇ ਗਏ ਹਨ ਜਿਸ ਨੂੰ ਕਿ 45000 ਕੁਇੰਟਲ ਕਣਕ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ। ਬੁਲਾਰੇ ਅਨੁਸਾਰ ਇਨ੍ਹਾਂ ਦੋਸ਼ੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਜਾ ਰਹੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਐਨ.ਐਫ.ਐਸ.ਏ. ਕਣਕ ਦੀ ਬਲੈਕ ਮਾਰਕਿਟ ਵਿੱਚ ਵਿਕਰੀ ਨਾਲ ਸਬੰਧਤ ਸ਼ਿਕਾਇਤਾਂ ਦੇ ਅਧਾਰ ’ਤੇ ਸੀ.ਵੀ.ਸੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਬੁਲਾਰੇ ਅਨੁਸਾਰ ਅੰਮ੍ਰਿਤਸਰ ਦੇ ਰਈਆ ਅਤੇ ਮਹਿਤਾ ਕੇਂਦਰਾਂ ਵਿੱਚ ਫੂਡ ਇੰਸਪੈਕਟਰਾਂ ਵਿਰੁੱਧ ਸ਼ਿਕਾਇਤਾਂ ਪ੍ਰਾਪਤ ਹੋਇਆਂ ਸਨ।
ਸੀ.ਵੀ.ਸੀ ਦੀ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ 14 ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਉਹ ਇਸ ਮਾਮਲੇ ’ਚ ਦੋਸ਼ੀ ਹਨ। ਉਨ੍ਹਾਂ ਨੇ ਦਸਤਾਵੇਜ਼ਾਂ ਨਾਲ ਛੇੜ ਛਾੜ ਕੀਤੀ ਹੈ। ਉਨ੍ਹਾਂ ਵਲੋਂ ਜਾਅਲੀ ਰਸੀਦਾਂ ਬਣਾ ਕੇ ਲਾਭ ਪਾਤਰੀਆਂ ਵਿੱਚ ਕਣਕ ਵੰਡੀ ਦਿਖਾਈ ਗਈ ਹੈ ਅਤੇ ਲਾਭ ਪਾਤਰੀਆਂ ਦੇ ਅੰਗੂਠਿਆਂ ਦੇ ਨਿਸ਼ਾਨਾਂ ਨਾਲ ਛੇੜ ਛਾੜ ਕੀਤੀ ਗਈ ਹੈ। ਦੋਸ਼ੀ ਇੰਸਪੈਕਟਰਾਂ ਵਿੱਚ ਬਿਕਰਮ ਸਿੰਘ, ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ, ਵਰੁਣ ਠਾਕੁਰ, ਦਵਿੰਦਰ ਸਿੰਘ, ਹਰਮਨਦੀਪ ਸਿੰਘ, ਗੁਰਸੰਗਤ ਸਿੰਘ, ਅਮ੍ਰਿਤਪ੍ਰੀਤ ਕੌਰ, ਸਿਮਰਜੀਤ ਸਿੰਘ, ਅਜੇ ਕੁਮਾਰ, ਸੰਦੀਪ ਕੁਮਾਰ, ਅਮੀਤ ਸਰੀਨ, ਆਰਤੀ ਸ਼ਰਮਾ ਅਤੇ ਸੰਦੀਪ ਬਾਂਸਲ ਦੇ ਨਾਂ ਸ਼ਾਮਿਲ ਹਨ। ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਨੂੰ ਰੱਤੀ ਭਰ ਵੀ ਸਹਿਣ ਨਾ ਕਰਨ ਦੀ ਪਹੁੰਚ ਅਪਣਾਈ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਅਵਾਮ ਨਾਲ ਨਿਪਟਣ ਵੇਲੇ ਪਾਰਦਰਸ਼ਤਾ ਬਣਾਉਣ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …