ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੌਰਾਨ 10 ਵਿਦਿਆਰਥੀਆਂ ਨੂੰ ਨਕਲ ਕਰਦੇ ਹੋਏ ਫੜਿਆ

ਬਾਰ੍ਹਵੀਂ ਦੀ ਪ੍ਰੀਖਿਆ: ਮਜੀਠਾ ਤੇ ਨਾਗ ਕਲਾਂ ਵਿੱਚ ਹੋਏ ਅੰਗਰੇਜ਼ੀ ਵਿਸ਼ੇ ਦੇ ਪੇਪਰ ਦੀ ਬਰੀਕੀ ਨਾਲ ਘੋਖ ਕੀਤੀ ਜਾਵੇਗੀ: ਢੋਲ

ਮਲੇਰਕੋਟਲਾ ਸਕੂਲ ਵਿੱਚ ਕੱੁਝ ਵਿਦਿਆਰਥੀਆਂ ਨੂੰ ਜ਼ਮੀਨ ’ਤੇ ਬਿਠਾ ਕੇ ਲਈ ਜਾ ਰਹੀ ਸੀ ਪ੍ਰੀਖਿਆ, ਬੋਰਡ ਮੁਖੀ ਨੇ ਲਿਆ ਗੰਭੀਰ ਨੋਟਿਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੰਖ ਵੱਖ ਉਡਣ ਦਸਤਿਆਂ ਨੇ ਬਾਰ੍ਹਵੀਂ ਸ਼੍ਰੇਣੀ ਦੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕਰਕੇ ਅੱਜ ਰਾਜਨੀਤੀ ਸ਼ਾਸਤਰ, ਫਿਜ਼ਿਕਸ ਅਤੇ ਬਿਜ਼ਨਸ ਸਟੱਡੀ-2 ਵਿਸ਼ੇ ਦੀ ਪ੍ਰੀਖਿਆ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਕਲ ਦੇ 10 ਕੇਸ ਫੜੇ ਗਏ ਹਨ। ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਾਹੋਂ ਵਿੱਚ 4 ਕੇਸ, ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿੱਚ 3 ਕੇਸ, ਜ਼ਿਲ੍ਹਾ ਜਲੰਧਰ ਦੇ ਸਰਕਾਰੀ ਹਾਈ ਸਕੂਲ ਸ਼ੰਕਰ-2 ਵਿੱਚ 2 ਕੇਸ, ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਸੈਂਟਰ-3 ਵਿੱਚ ਨਕਲ ਦਾ ਇੱਕ ਕੇਸ ਸ਼ਾਮਲ ਹਨ।
ਇਸ ਸਬੰਧੀ ਪੰਜਾਬ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਸ੍ਰੀ ਢੋਲ ਨੇ ਦੱਸਿਆ ਕਿ ਅੱਜ ਰਾਜਨੀਤੀ ਸ਼ਾਸਤਰ ਦੇ 79719 ਪ੍ਰੀਖਿਆਰਥੀਆਂ ਨੇ 1379 ਕੇਂਦਰਾਂ, ਫਿਜ਼ਿਕਸ ਦੇ 56 ਹਜ਼ਾਰ 254 ਬੱਚਿਆਂ ਨੇ 1014 ਕੇਂਦਰਾਂ ਅਤੇ ਬਿਜ਼ਨਸ ਸਟੱਡੀਜ਼-2 ਦੇ 30 ਹਜ਼ਾਰ 972 ਬੱਚਿਆਂ ਨੇ 874 ਕੇਂਦਰਾਂ ਵਿੱਚ ਪ੍ਰੀਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ, ਗੋਪਾਲ ਪਬਲਿਕ ਸਕੂਲ ਈਸੜੂ (ਖੰਨਾ), ਇਸਲਾਮੀਆ ਸਕੂਲ ਲੜਕੇ ਅਤੇ ਲੜਕੀਆਂ ਮਲੇਰਕੋਟਲਾ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਾਰੇ ਕੇਂਦਰਾਂ ਵਿੱਚ ਪ੍ਰੀਖਿਆ ਠੀਕ ਢੰਗ ਨਾਲ ਹੋ ਰਹੀ ਸੀ। ਸ੍ਰੀ ਢੋਲ ਨੇ ਦੱਸਿਆ ਕਿ ਮਲੇਰਕੋਟਲਾ ਸਕੂਲ ਵਿੱਚ ਕੱੁਝ ਵਿਦਿਆਰਥੀਆਂ ਨੂੰ ਹੇਠਾਂ ਬਿਠਾ ਕੇ ਪੇਪਰ ਲਿਆ ਜਾ ਰਿਹਾ ਸੀ। ਸ੍ਰੀ ਢੋਲ ਨੇ ਦੱਸਿਆ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਗਾਮੀ ਪੇਪਰਾਂ ਵਿੱਚ ਬੱਚਿਆਂ ਨੂੰ ਬੈਂਚਾ ’ਤੇ ਬਿਠਾਉਣ ਦਾ ਇੰਤਜ਼ਾਮ ਕੀਤਾ ਜਾਵੇ।
ਉਧਰ, ਸਕੂਲ ਬੋਰਡ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ ਬਲਾਕ ਇੱਕ ਅਤੇ ਦੋ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ ਦੇ ਪ੍ਰੀਖਿਆ ਕੇਂਦਰਾਂ ਵਿੱਚ ਬੀਤੀ 28 ਫਰਵਰੀ ਨੂੰ ਬਾਰ੍ਹਵੀਂ ਸ਼੍ਰੇਣੀ ਦੇ ਜਨਰਲ ਅੰਗਰੇਜ਼ੀ ਵਿਸ਼ੇ ਦੇ ਪੇਪਰ ਦੌਰਾਨ ਇਨ੍ਹਾਂ ਸੈਂਟਰਾਂ ਵਿੱਚ ਦਖ਼ਲ ਅੰਦਾਜ਼ੀ ਅਤੇ ਨਕਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਬੋਰਡ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪੜਤਾਲ ਕਰਵਾਈ ਗਈ। ਪੜਤਾਲ ਰਿਪੋਰਟ ਦੇ ਅਧਾਰ ਤੇ ਬੋਰਡ ਵੱਲੋਂ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕੀਤੀ ਗਈ ਹੈ।
ਸ੍ਰੀ ਢੋਲ ਨੇ ਦੱਸਿਆ ਕਿ ਸਕੂਲ ਬੋਰਡ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਪੜਤਾਲ ਕਰਦਿਆਂ ਸਬੰਧਤ ਪ੍ਰੀਖਿਆ ਕੇੱਦਰਾਂ ਦੇ ਸੁਪਰਡੈਂਟਾਂ ਅਤੇ ਕੰਟਰੋਲਰਾਂ ਤੋਂ ਲਿਖਤੀ ਰਿਪੋਰਟਾਂ ਦੇ ਅਧਾਰ ਤੇ ਸਾਰੀ ਘਟਨਾ ਦੀ ਵਿਆਪਕ ਜਾਂਚ ਕਰਵਾਈ ਗਈ ਹੈ। ਜਾਂਚ ਰਿਪੋਰਟ ਵਿੱਚ ਬਾਹਰੀ ਦਖ਼ਲ ਅੰਦਾਜ਼ੀ ਦੀ ਅਸਫਲ ਕੋਸ਼ਿਸ਼ ਹੋਣ ਦੀ ਘਟਨਾ ਦੇ ਵੇਰਵੇ ਮਿਲੇ ਹਨ ਪਰ ਇਸ ਦੇ ਬਾਵਜੂਦ ਪ੍ਰੀਖਿਆ ਕੇਂਦਰਾਂ ਵਿੱਚ ਸੁਚਾਰੂ ਢੰਗ ਨਾਲ ਪ੍ਰੀਖਿਆ ਹੋਣ ਦੀ ਤਸਦੀਕ ਕੀਤੀ ਗਈ ਹੈ। ਸ੍ਰੀ ਢੋਲ ਨੇ ਦੱਸਿਆ ਕਿ ਸਕੂਲ ਬੋਰਡ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਪ੍ਰੀਖਿਆ ਕੇਂਦਰਾਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ-2 ਪ੍ਰੀਖਿਆ ਕੇਂਦਰ ਦੇ ਅਮਲੇ ਨੂੰ ਬਦਲ ਦਿੱਤਾ ਗਿਆ ਹੈ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਪੂਰੇ ਸਮੇਂ ਲਈ ਅਬਜ਼ਰਵਰ ਵੀ ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਪ੍ਰਸ਼ਾਸਨ ਨੂੰ ਪ੍ਰੀਖਿਆ ਕੇਂਦਰਾਂ ਦੇ ਬਾਹਰ ਮੁੜ ਅਜਿਹਾ ਮਾਹੌਲ ਬਣਨ ਤੋਂ ਰੋਕਣ ਲਈ ਪੁਖ਼ਤਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ। ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਸਬੰਧਤ ਸੈਂਟਰਾਂ ਵਿੱਚ ਉਸ ਦਿਨ ਜਨਰਲ ਅੰਗਰੇਜ਼ੀ ਦੇ ਹੋਏ ਪਰਚੇ ਦੇ ਮੁਲਾਂਕਣ ਸਮੇਂ ਇਸ ਦੀ ਵਿਸ਼ੇਸ਼ ਘੋਖ ਕਰਵਾਈ ਜਾਵੇਗੀ ਅਤੇ ਦੋਸ਼ ਪਾਏ ਜਾਣ ’ਤੇ ਨਿਯਮਾਂ ਅਧੀਨ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…