nabaz-e-punjab.com

ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਦੀ ਉਲੰਘਣਾ ਤਹਿਤ ਰੈਸਟੋਰੈਂਟ ਨੂੰ 10 ਹਜ਼ਾਰ ਜੁਰਮਾਨਾ

ਰੈਸਟੋਰੈਂਟ ਵਿੱਚ ਗਾਹਕਾਂ ਨੂੰ ਪਰੋਸੀ ਜਾਂਦੀ ਹਰੀ ਚਟਨੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਸਾਗਰ ਰਤਨਾ ਰੈਸਟੋਰੈਂਟ, ਬਲਟਾਣਾ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਕਾਰਵਾਈ ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ ਦੀ ਰਿਪੋਰਟ ’ਤੇ ਕੀਤੀ ਗਈ ਹੈ। ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ ਨੇ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਰੂਲ 2006 ਅਤੇ 2011 ਤਹਿਤ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੀ ਅਦਾਲਤ ਵਿੱਚ ਸ਼ਿਕਾਇਤ ਦਿੱਤੀ ਸੀ। ਅਧਿਕਾਰੀ ਮੁਤਾਬਕ 27 ਜਨਵਰੀ 2022 ਨੂੰ ਸਾਗਰ ਰਤਨਾ ਰੈਸਟੋਰੈਂਟ, ਬਲਟਾਣਾ ਦੀ ਚੈਕਿੰਗ ਕੀਤੀ ਗਈ ਸੀ ਅਤੇ ਰੈਸਟੋਰੈਂਟ ਵਿੱਚ ਗਾਹਕਾਂ ਨੂੰ ਪਰੋਸੀ ਜਾਂਦੀ ਹਰੀ ਚਟਨੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਰਿਪੋਰਟ ਵਿੱਚ ਖ਼ੁਰਾਕ ਸਮੱਗਰੀ ਮਿਆਰੀ ਨਾ ਹੋਣ ਕਾਰਨ ਰੈਸਟੋਰੈਂਟ ਦੇ ਮਾਲਕ ਨੂੰ 10,000 ਰੁਪਏ ਦਾ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਗਏ ਹਨ।
ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਹਰੀ ਚਟਨੀ ਦੇ ਸੈਂਪਲ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ 4 ਸਾਫ਼ ਬੋਤਲਾਂ ਵਿੱਚ ਰੱਖਿਆ ਗਿਆ ਅਤੇ ਉਸੇ ਦਿਨ ਸੈਂਪਲ ਫੂਡ ਐਨਾਲਿਸਟ ਪੰਜਾਬ ਚੰਡੀਗੜ੍ਹ ਨੂੰ ਭੇਜੇ ਗਏ। ਪ੍ਰਾਪਤ ਰਿਪੋਰਟ ਤਹਿਤ ਸਬੰਧਤ ਖ਼ਿਲਾਫ਼ ਕਰਵਾਈ ਲਈ ਲਿਖਿਆ ਗਿਆ ਹੈ। ਜਾਂਚ ਵਿੱਚ ਰੈਸਟੋਰੈਂਟ ਮਾਲਕ ਵੱਲੋਂ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਰੈਸਟੋਰੈਂਟ ਖ਼ਿਲਾਫ਼ ਐਕਟ ਦੀ ਧਾਰਾ 51 ਦੇ ਅਨੁਸਾਰ ਕਾਰਵਾਈ ਕੀਤੀ ਗਈ ਹੈ।
ਏਡੀਸੀ ਸ੍ਰੀਮਤੀ ਬਰਾੜ ਦੱਸਿਆ ਕਿ ਅਦਾਲਤ ਵਿੱਚ ਸ਼ਿਕਾਇਤ ਦਾਇਰ ਹੋਣ ’ਤੇ ਰੈਸਟੋਰੈਂਟ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਦੇ ਵਕੀਲ ਨੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਤੱਥਾਂ ਨੂੰ ਵਾਚਣ ਉਪਰੰਤ ਉਹ ਇਸ ਸਿੱਟੇ ਉੱਤੇ ਪੁੱਜੇ ਕਿ ਰੈਸਟੋਰੈਂਟ ਮਾਲਕ ਵੱਲੋਂ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਕੀਤੀ ਗਈ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਜਨਹਿੱਤ ਨਾਲ ਸਬੰਧਤ ਹੈ। ਇਸ ਲਈ ਰੈਸਟੋਰੈਂਟ ਮਾਲਕ ਨੂੰ ਉਕਤ ਐਕਟ ਦੀ ਧਾਰਾ 51 ਤਹਿਤ 10 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …