
100 ਫੀਸਦੀ ਰਿਹਾ ਸਰਕਾਰੀ ਸਕੂਲ ਸਕਰੂਲਾਂਪੁਰ ਦਾ 12ਵੀਂ ਦਾ ਨਤੀਜਾ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਇੱਥੋਂ ਦੇ ਨਜ਼ਦੀਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੂਲਾਂਪੁਰ (ਖਰੜ) ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਅਤੇ ਕਾਮਰਸ ਗਰੁੱਪ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ 91.1 ਫੀਸਦੀ, ਨਾਨ ਮੈਡੀਕਲ ਦੀ ਵਿਦਿਆਰਥਣ ਅਕਸ਼ਿਤਾ ਕੁਮਾਰੀ ਨੇ 89.77 ਫੀਸਦੀ, ਨਾਨ ਮੈਡੀਕਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ 86.44 ਫੀਸਦੀ ਅਤੇ ਮੈਡੀਕਲ ਗਰੁੱਪ ਦੀ ਪਾਰਵਤੀ ਨੇ 80.9 ਫੀਸਦੀ ਅੰਕ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਬੱਚਿਆਂ ਵੱਲੋਂ ਮਨ ਲਗਾ ਕੇ ਕੀਤੀ ਗਈ ਪੜ੍ਹਾਈ ਨਤੀਜਾ ਹੈ।