
ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 100 ਫੀਸਦੀ ਝੋਨੇ ਦੀ ਹੋਈ ਖਰੀਦ: ਡੀਸੀ ਗਿਰੀਸ਼ ਦਿਆਲਨ
ਮੰਡੀਆਂ ਚੋਂ 98 ਫੀਸਦੀ ਖ਼ਰੀਦੀ ਫਸਲ ਦੀ ਲਿਫ਼ਟਿੰਗ, ਕਿਸਾਨਾਂ ਨੂੰ 92 ਫੀਸਦੀ ਪੈਸਿਆਂ ਦੀ ਕੀਤੀ ਅਦਾਇਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਅਨਾਜ ਮੰਡੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ 27 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ, ਲਿਫ਼ਟਿੰਗ ਅਤੇ ਕਿਸਾਨਾਂ ਨੂੰ ਪੈਸਿਆਂ ਦੀ ਅਦਾਇਗੀ ਦੇ ਕੰਮ ਨਿਰਵਿਘਨ ਜਾਰੀ ਹਨ। ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਵਿੱਚ 2 ਲੱਖ 17 ਹਜ਼ਾਰ 050 ਮੀਟਰਿਕ ਟਨ ਝੋਨਾ ਪੁੱਜਿਆ ਅਤੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਦੀ ਸਾਰੀ ਫਸਲ ਖ਼ਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 92 ਫੀਸਦੀ ਪੈਸਿਆਂ (377 ਕਰੋੜ 96 ਲੱਖ ਰੁਪਏ) ਦੀ ਅਦਾਇਗੀ ਕੀਤੀ ਗਈ ਹੈ ਅਤੇ 98 ਫੀਸਦੀ ਫਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਛੁੱਟੀ ਵਾਲੇ ਦਿਨਾਂ ਵਿੱਚ ਵੀ ਝੋਨੇ ਦੀ ਨਿਰਵਿਘਨ ਖ਼ਰੀਦੀ ਕੀਤੀ ਜਾ ਰਹੀ ਹੈ ਅਤੇ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾ ਰਹੀ।
ਡੀਸੀ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 103.37 ਕਰੋੜ, ਮਾਰਕਫੈਡ ਵੱਲੋਂ 135.92 ਕਰੋੜ, ਪਨਸਪ ਵੱਲੋਂ 64.97 ਕਰੋੜ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 44.06 ਕਰੋੜ, ਐਫ਼ਸੀਆਈ ਵੱਲੋਂ 29.64 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ ਖੂੰਹਦ ਨੂੰ ਬਿਲਕੁਲ ਵੀ ਅੱਗ ਨਾ ਲਗਾਉਣ, ਕਿਉਂÎਕ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ, ਉੱਥੇ ਵਾਤਾਵਰਨ ਪ੍ਰਦੂਸ਼ਣ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।