ਨੌਜਵਾਨ ਵੋਟਰਾਂ ਦਾ 100 ਫੀਸਦੀ ਪੰਜੀਕਰਣ ਚੋਣ ਕਮਿਸ਼ਨ ਦਾ ਮੁੱਖ ਟੀਚਾ: ਮੁੱਖ ਚੋਣ ਅਫ਼ਸਰ

ਮੁਹਾਲੀ ਵਿੱਚ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ-2024 ਦਾ ਰਸਮੀ ਆਗਾਜ਼

ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਤੋਂ ਸ਼ਿਵਾਲਿਕ ਪਬਲਿਕ ਸਕੂਲ ਤੱਕ ਸਾਈਕਲ ਰੈਲੀ ਕੱਢੀ

ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ:
ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਦਾ ਆਗਾਜ਼ ਅੱਜ ਖ਼ੁਦ ਪੰਜਾਬ ਦੇ ਮੁੱਖ ਚੋਣ ਅਫ਼ਸਰ ਸੀ ਸਿੱਬਨ ਨੇ ਕੀਤਾ। 12 ਦਸੰਬਰ ਤੱਕ ਚੱਲਣ ਵਾਲੇ ਇਸ ਕਾਰਜ ਸਬੰਧੀ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ-1 ਤੋਂ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ 300 ਸਾਈਕਲ ਸਵਾਰਾਂ ਨੇ ਭਾਗ ਲਿਆ। ਸਾਈਕਲ ਰੈਲੀ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਅਤੇ ਐਸਡੀਐਮ ਚੰਦਰ ਜਯੋਤੀ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਵੱਲੋਂ ਸਵੀਪ ਰਿਪੋਰਟ ਪੇਸ਼ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸਮੂਹ ਯੋਗ ਵੋਟਰਾਂ ਨੂੰ ਵੋਟਰ ਪੰਜੀਕਰਣ ਕਰਵਾਉਣ ਦੀ ਅਪੀਲ ਕਰਦਿਆਂ ਸ਼ਹਿਰੀ ਖੇਤਰਾਂ ਦੇ ਵੋਟਰਾਂ ਦੀ ਵੋਟਰ ਟਰਨ-ਆਉਟ ਵਧਾਉਣ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ, ਦਿਵਿਆਂਗ, ਟਰਾਂਸਜੈਂਡਰ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਧ ਤੋ ਵੱਧ ਵੋਟਰ ਪੰਜੀਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਮੁੱਖ ਚੋਣ ਅਫ਼ਸਰ ਸੀ ਸਿੱਬਨ ਨੇ ਕਿਹਾ ਕਿ ਸਪੈਸ਼ਲ ਸਮਰੀ ਰਿਵੀਜ਼ਨ ਦੌਰਾਨ ਵੋਟਾਂ ਦੀ ਸੁਧਾਈ ਕੀਤੀ ਜਾਂਦੀ ਹੈ। ਇਸ ਸਮਾਗਮ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਪੈਸ਼ਲ ਸਮਰੀ ਰਿਵੀਜ਼ਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਮੁਹਿੰਮ ਵਿੱਚ ਹਿੱਸਾ ਲੈਣ। ਭਾਰਤੀ ਚੋਣ ਕਮਿਸ਼ਨ ਦੇ ਰਾਸ਼ਟਰੀ ਵੋਟਰ ਦੇ ਦਿਵਸ ਮੌਕੇ ਲਾਂਚ ਕੀਤੇ ਗੀਤ ‘‘ਮੈਂ ਭਾਰਤ ਹਾਂ’’ ਦਾ ਪੰਜਾਬੀ ਰੂਪਾਂਤਰਨ ਕਰਕੇ ਪੰਜਾਬੀ ਫੋਕ ਆਰਕੈਸਟਰਾ ਨਾਲ ਲੋਕ ਧੁਨਾਂ ਉੱਤੇ ਵਿਜੈ ਯਮਲਾ ਜੱਟ ਦੀ ਟੀਮ ਨੇ ਪੇਸ਼ ਕੀਤਾ। ਇਸ ਮੌਕੇ ਵਧੀਆ ਸਵੀਪ ਗਤੀਵਿਧੀਆਂ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਰਾਜੀਵ ਪੁਰੀ, ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪ੍ਰਿੰਸੀਪਲ ਸ਼ਿਵਾਲਿਕ ਸਕੂਲ ਅਤੇ ਸਮੂਹ ਭਾਗੀਦਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਵੋਟ ਬਣਾਉਣ ਸਬੰਧੀ ਹਰ ਘਰ ਨੂੰ ਜਾਗਰੂਕ ਕਰਨ ਲਈ ਵੋਟ ਬਣਾਉਣ ਸਬੰਧੀ ਜਾਣਕਾਰੀ ਗੈਸ ਸਿਲੰਡਰ ਨਾਲ ਟੈਗ ਕਰ ਮੁਹੱਈਆ ਕਰਵਾਉਣ ਦਾ ਵੀ ਅਗਾਜ ਕੀਤਾ ਗਿਆ। ਇਸ ਮੌਕੇ ਸਕੂਲ ਬੈਂਡ, ਵਿਸ਼ੇਸ਼ ਬੱਚਿਆ ਦੀਆਂ ਪੇਸ਼ਕਾਰੀਆਂ, ਸੈਲਫੀ ਸਟੈਂਡ ਖਿੱਚ ਦਾ ਕੇਂਦਰ ਬਣ ਰਹੇ। ਪ੍ਰੋਗਰਾਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਤਿੜਕੇ, ਐਸਡੀਐਮ ਚੰਦਰ ਜਯੋਤੀ ਸਿੰਘ, ਤਹਿਸੀਲਦਾਰ ਚੋਣਾਂ ਸੰਜੇ ਕੁਮਾਰ, ਸਟੇਟ ਸਵੀਪ ਕੋਆਰਡੀਨੇਟਰ ਮਨਪ੍ਰੀਤ ਸਿੰਘ ਅਨੇਜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖ਼ਸ਼ੀਸ਼ ਸਿੰਘ ਅੰਟਾਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…