
ਆਈਵੀ ਹਸਪਤਾਲ ਵਿੱਚ ਅੰਗਦਾਨ ਦਿਵਸ ’ਤੇ 104 ਲੋਕਾਂ ਵੱਲੋਂ ਅੰਗ ਦਾਨ ਕਰਨ ਦੀ ਸਹੁੰ ਚੁੱਕੀ
ਆਈਵੀ ਹਾਸਪਿਟਲ ਨੇ ਅੰਗ ਦਾਨੀਆਂ ਨੂੰ ਸਨਮਾਨਤ ਕੀਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਵਿਸ਼ਵ ਅੰਗਦਾਨ ਦਿਵਸ ਦੇ ਮੌਕੇ ’ਤੇ ਆਈਵੀ ਹਸਪਤਾਲ ਮੁਹਾਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਡਾਕਟਰਾਂ ਸਹਿਤ 104 ਲੋਕਾਂ ਨੇ ਆਪਣੇ ਅੰਗ ਦਾਨ ਕਰਣ ਲਈ ਐਨਓਟੀਟੀਓ ਲਈ ਫ਼ਾਰਮ ਨੰਬਰ 7 ਭਰਿਆ ਅਤੇ ਅੰਗ ਦਾਨ ਕਰਣ ਦੀ ਸਹੁੰ ਲਈ। ਇਸ ਮੌਕੇ ਅੰਗ ਦਾਨ ਕਰਨ ਦੀ ਸਹੂੰ ਲੈਣ ਵਾਲਿਆਂ ਵਿੱਚ ਡਾ. ਅਵਿਨਾਸ਼ ਸ਼੍ਰੀਵਾਸਤਵ, ਡਾਇਰੈਕਟਰ, ਰੇਨਾਲ ਟਰਾਂਸਪਲਾਂਟ ਸਰਜਰੀ ਅਤੇ ਡਾ. ਰਾਕਾ ਕੌਸ਼ਲ, ਡਾਇਰੈਕਟਰ, ਨੈਫਰੋਲਾਜੀ, ਡਾ. ਅਜੇ ਗੋਇਲ, ਸੀਨੀਅਰ ਕੰਸਲਟੈਂਟ, ਨੈਫਰੋਲਾਜੀ ਵੀ ਸ਼ਾਮਿਲ ਸਨ। ਇਸ ਮੌਕੇ ਮੁੱਖ ਮਹਿਮਾਨ ਸਥਾਨਕ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਸਨ ਜਦੋਂ ਕਿ ਬੱਸੀ ਪਠਾਣਾ ਤੋਂ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਆਈਵੀ ਗਰੁੱਪ ਆਫ਼ ਹਸਪਤਾਲ ਦੇ ਚੇਅਰਮੈਨ ਗੁਰਤੇਜ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਇਸ ਖੇਤਰ ਦੇ ਕਰੀਬ 20 ਅੰਗ ਦਾਨੀਆਂ ਦਾ ਸਨਮਾਨਿਤ ਕੀਤਾ।
ਡਾ. ਰਾਕਾ ਕੌਸ਼ਲ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਦਾਨ ਦੇ ਲਈ ਅੱਗੇ ਆ ਰਹੇ ਹਨ। ਹਾਲ ਹੀ ਵਿੱਚ ਲੁਧਿਆਣਾ ਦੇ ਇੱਕ ਸਹੁਰੇ ਨੇ ਆਪਣੀ ਕਿਡਨੀ ਆਪਣੀ ਨੂੰਹ ਨੂੰ ਦਾਨ ਦੇ ਕੇ ਉਸਦੀ ਜ਼ਿੰਦਗੀ ਬਚਾਈ। ਇਸ ਨਾਲ ਸਾਫ਼ ਹੈ ਕਿ ਸਮਾਜ ਬਦਲ ਰਿਹਾ ਹੈ ਅਤੇ ਅਜਿਹੇ ਨਵੇਂ ਨਵੇਂ ਉਦਾਹਰਣ ਆ ਰਹੇ ਹਨ। ਆਈਵੀ ਹੈਲਥਕੇਅਰ ਦੇ ਸੀਈਓ ਕਰਨਲ ਹੇਮਰਾਜ ਸਿੰਘ ਪ੍ਰਮਾਰ ਨੇ ਕਿਹਾ ਕਿ ਅਸੀਂ ਟ੍ਰਾਈਸਿਟੀ ’ਚ ਕਿਡਨੀ ਟਰਾਂਸਪਲਾਂਟ ਦੇ ਖੇਤਰਾਂ ’ਚ ਸਭ ਤੋਂ ਮੋਹਰੀ ਹਾਂ। ਅਸੀਂ ਪਿਛਲੇ 7 ਸਾਲਾਂ ’ਚ ਹੁਣ ਤੱਕ ਲਗਭਗ 700 ਟਰਾਂਸਪਲਾਂਟ ਕੀਤੇ ਹਨ। ਅਸੀਂ ਏਬੀਓ ਇਨਕੰਪੇਟੇਬਲ ਟਰਾਂਸਪਲਾਂਟ ਸ਼ੁਰੂ ਕਰਨ ’ਚ ਸਭ ਤੋਂ ਅੱਗੇ ਰਹੇ ਹਾਂ ਅਤੇ ਇਸ ਖੇਤਰ ਵਿੱਚ ਇਸ ਦੇ ਪ੍ਰੋਟੋਕਾਲ ਦੀ ਸਥਾਪਨਾ ਕਰਨ ਦੀ ਸ਼ੁਰੂਆਤ ਕੀਤੀ। ਕਰਨਲ ਪ੍ਰਮਾਰ ਨੇ ਕਿਹਾ ਕਿ ਸਾਡੀ ਤੁਰੰਤ ਸਫਲਤਾ ਦਰ 99 ਪ੍ਰਤੀਸ਼ਤ ਨਾਲੋਂ ਜ਼ਿਆਦਾ ਹੈ ਅਤੇ ਪੰਜ ਸਾਲ ਦੀ ਜੀਵਤ ਰਹਿਣ ਦੀ ਦਰ 90 ਫੀਸਦੀ ਨਾਲੋਂ ਜ਼ਿਆਦਾ ਹੈ।