Share on Facebook Share on Twitter Share on Google+ Share on Pinterest Share on Linkedin 108 ਐਂਬੂਲੈਂਸ ਐਂਪਲਾਈਜ ਯੂਨੀਅਨ ਦਾ ਮਰਨ ਵਰਤ ਜਾਰੀ, ਕਾਲੀਆਂ ਪੱਟੀਆਂ ਬੰਨ੍ਹ ਕੇ ਨਵਾਂ ਸਾਲ ਮਨਾਉਣ ਦਾ ਐਲਾਨ ਲੋਕਾਂ ਦੀਆਂ ਟਿੱਪਣੀਆਂ ਤੇ ਦਸਤਖ਼ਤਾਂ ਵਾਲਾ ਸਾਂਝਾ ਮੰਗ ਪੱਤਰ ਰੋਜ਼ਾਨਾ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ ਨਬਜ਼-ਏ-ਪੰਜਾਬ, ਮੁਹਾਲੀ, 31 ਦਸੰਬਰ: 108 ਐਂਬੂਲੈਂਸ ਐਂਪਲਾਈਜ ਯੂਨੀਅਨ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਮਰਨ ਵਰਤ ਐਤਵਾਰ ਨੂੰ 12ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ 108 ਐਂਬੂਲੈਂਸ ਦੀ ਦੇਖਭਾਲ ਕਰਨ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਹਰ ਸਾਲ 14 ਕਰੋੜ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਪ੍ਰੰਤੂ ਇਸ ਬਦਲੇ ਐਂਬੂਲੈਂਸਾਂ ਵਿੱਚ ਲੋੜੀਂਦਾ ਸਾਜੋਸਾਮਾਨ ਵੀ ਪੂਰਾ ਨਹੀਂ ਹੈ। ਇਸ ਤਰ੍ਹਾਂ ਕਰਕੇ ਜਿੱਥੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਨਾਲ ਕਥਿਤ ਖਿਲਵਾੜ ਕੀਤਾ ਜਾ ਰਿਹਾ ਹੈ, ਉੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਰ੍ਹੇਆਮ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਗੱਡੀ ’ਤੇ ਤਾਇਨਾਤ ਸਟਾਫ਼ ਦੀਆਂ ਕਥਿਤ ਫ਼ਰਜ਼ੀ ਹਾਜ਼ਰੀਆਂ ਲਗਾ ਕੇ ਸਰਕਾਰ ਤੋਂ ਖੜੀਆ ਗੱਡੀਆਂ ਦੇ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇਸ ਸਬੰਧੀ ਮੁੱਦਾ ਚੁੱਕਣ ਵਾਲੇ ਸਟਾਫ਼ ਨੂੰ ਬਰਖ਼ਾਸਤ ਕਰਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪ੍ਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਕਈ ਜ਼ਿਲ੍ਹਿਆਂ ਦੇ ਸਿਹਤ ਅਧਿਕਾਰੀ ਨਿੱਜੀ ਕੰਪਨੀ ਦਾ ਬਚਾਅ ਕਰਨ ਵਿੱਚ ਲੱਗੇ ਹੋਏ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਨਿਰਪੱਖ ਜਾਂਚ ਹੁੰਦੀ ਹੈ ਤਾਂ ਉਨ੍ਹਾਂ ਦਾ ਨਾਮ ਵੀ ਸਾਹਮਣੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਸਰਕਾਰ ਦੀ ਲੋਕਾਂ ਵਿੱਚ ਭਰੋਸੇਯੋਗਤਾ ਖ਼ਤਮ ਕਰਨ ’ਤੇ ਤੁਲੇ ਹੋਏ ਹਨ ਅਤੇ ਲਾਪਰਵਾਹੀ ਕਾਰਨ ਐਂਬੂਲੈਂਸਾਂ ਨੂੰ ਕੰਡਮ ਹੋ ਰਹੀਆਂ ਹਨ ਅਤੇ ਗੱਡੀਆਂ ਦੇ ਮੈਂਟੀਨੈਂਸ ਸਬੰਧੀ ਵੱਡੇ ਪੱਧਰ ’ਤੇ ਫ਼ਰਜ਼ੀ ਬਿਲ ਬਣਾਏ ਜਾ ਰਹੇ ਹਨ। ਐਂਬੂਲੈਂਸਾਂ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਈ ਜਾਂਦੀ। ਟਾਇਰ ਵੀ ਲਗਾਤਾਰ ਕੰਡਮ ਹੁੰਦੇ ਜਾ ਰਹੇ ਹਨ। ਜਿਸ ਕਾਰਨ ਕਿਸੇ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਭਲਕੇ 1 ਜਨਵਰੀ ਨੂੰ ਸੂਬੇ ਦੇ 1200 ਤੋਂ ਵੱਧ ਮੁਲਾਜ਼ਮ ਅਤੇ 6 ਹਜ਼ਾਰ ਪਰਿਵਾਰਕ ਮੈਂਬਰ ਵੱਖ-ਵੱਖ ਕਸਬਿਆਂ, ਸ਼ਹਿਰਾਂ, ਰੇਲਵੇ ਸਟੇਸ਼ਨਾਂ, ਪਿੰਡਾਂ ਦੀਆਂ ਸੱਥਾਂ ਵਿੱਚ ਨਵਾਂ ਸਾਲ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾਉਣਗੇ ਅਤੇ ਆਮ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਅਤੇ ਕੰਪਨੀ ਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ ਜਾਵੇਗਾ। ਇਸੇ ਦੌਰਾਨ ਦਸਖ਼ਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਟਿੱਪਣੀਆਂ ਅਤੇ ਦਸਤਖ਼ਤਾਂ ਵਾਲਾ ਇੱਕ ਸਾਂਝਾ ਮੰਗ ਪੱਤਰ ਰੋਜ਼ਾਨਾ ਮੁੱਖ ਮੰਤਰੀ ਨੂੰ ਡਾਕ ਰਾਹੀਂ ਭੇਜਿਆ ਜਾਵੇਗਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਐਂਬੂਲੈਂਸ ਸਟਾਫ਼ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਅਤੇ ਕੰਪਨੀ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਰੀਬ 1500 ਸਾਥੀ ਆਪਣੇ ਪਰਿਵਾਰਾਂ ਸਮੇਤ ਮੁੱਖ ਮੰਤਰੀ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪ ਕੇ ਸੂਬਾ ਪੱਧਰ ’ਤੇ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਹਾਈ ਕੋਰਟ ਅਤੇ ਸੀਬੀਆਈ ਦਾ ਬੂਹਾ ਖੜਕਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ