ਦਸਵੀਂ ਜਮਾਤ ਦਾ ਨਤੀਜਾ: ਵੀਆਈਪੀ ਸਿਟੀ ਸਭ ਤੋਂ ਫਾਡੀ, ਪੇਂਡੂ ਸਕੂਲਾਂ ਨੇ ਰੱਖੀ ਲਾਜ

ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 316 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਸਭ ਤੋਂ ਫਾਡੀ ਰਿਹਾ ਜਦੋਂਕਿ ਇੱਥੇ ਜ਼ਿਆਦਾਤਰ ਸਿਫ਼ਾਰਸ਼ੀ ਅਤੇ ਸਿਆਸੀ ਰਸੂਖ਼ ਵਾਲੇ ਅਧਿਆਪਕ ਮੌਜਾਂ ਮਾਣ ਰਹੇ ਹਨ। ਕਾਫ਼ੀ ਅਧਿਆਪਕ ਡੈਪੂਟੇਸ਼ਨ ਉੱਤੇ ਅਤੇ ਵੱਡੀ ਗਿਣਤੀ ’ਚ ਅਧਿਆਪਕ ਲੰਮੇ ਸਮੇਂ ਤੋਂ ਮੁਹਾਲੀ ਦੇ ਸਕੂਲਾਂ ਵਿੱਚ ਤਾਇਨਾਤ ਹਨ। ਜਦੋਂਕਿ ਸਿਫ਼ਾਰਸ਼ ਨਾ ਹੋਣ ਕਾਰਨ ਕਈ ਯੋਗ ਅਧਿਆਪਕ ਸਰਕਾਰੀ ਨੇਮਾਂ ਅਨੁਸਾਰ ਆਪਣੀ ਬਦਲੀ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਉਧਰ, ਪੇਂਡੂ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਦੀ ਲਾਜ ਰੱਖੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਸੋਲਾਨੀ ਪੁੱਤਰੀ ਕਮਲਦੀਪ ਕੁਮਾਰ ਨੇ 650 ’ਚੋਂ 634 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 97.54 ਫੀਸਦੀ ਹੈ। ਸਰਕਾਰੀ ਹਾਈ ਸਕੂਲ ਪਿੰਡ ਦੇਸੂਮਾਜਰਾ ਦੀ ਅਨੁ ਕੁਮਾਰੀ ਨੇ 650 ਅੰਕਾਂ ’ਚੋਂ 629 ਅੰਕ ਲੈ ਕੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਮੱਲਿਆ ਹੈ। ਉਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.77 ਫੀਸਦੀ ਬਣਦੀ ਹੈ। ਇੰਜ ਹੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੋਹਾਣਾ ਦੀ ਹੰਸੀਕਾ ਮੇਹਰਾ ਪੁੱਤਰੀ ਸੰਜੀਵ ਕੁਮਾਰ ਨੇ 650 ਅੰਕਾਂ ’ਚੋਂ 627 ਅੰਕਾਂ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 96.46 ਫੀਸਦੀ ਹੈ।
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਆਉਣ ਵਾਲੀਆਂ ਬੱਚੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾੜੇ ਨਤੀਜੇ ਵਾਲੇ ਸਕੂਲਾਂ ਦਾ ਮੁਲਾਂਕਣ ਕਰਵਾ ਕੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਅਧਿਆਪਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਮੁਹਾਲੀ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਸੁਧਾਰ ਲਿਆਉਣ ਲਈ ਬੱਚਿਆਂ ਨੂੰ ਮਿਆਰੀ ਤੇ ਗੁਣਕਾਰੀ ਸਿੱਖਿਆ ਮੁਹੱਈਆ ਕਰਵਾਈ ਜਾਵੇ।
ਉਧਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਰੂਪਨਗਰ ਜ਼ਿਲ੍ਹੇ ਦੇ 11 ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜਿਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਸਸਕੌਰ ਦੇ 4 ਵਿਦਿਆਰਥੀ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਅਤੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ 2-2 ਵਿਦਿਆਰਥੀ, ਸਰਕਾਰੀ ਹਾਈ ਸਕੂਲ ਦਸਗਰਾਈਂ ਦਾ ਇੱਕ ਅਤੇ ਦਸਮੇਸ਼ ਪਬਲਿਕ ਹਾਈ ਸਕੂਲ ਪੁਰਖਾਲੀ ਦਾ ਇੱਕ ਵਿਦਿਆਰਥੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ ਦਾ ਇੱਕ ਵਿਦਿਆਰਥੀ ਮੈਰਿਟ ਵਿੱਚ ਆਇਆ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…