Nabaz-e-punjab.com

ਸਰਕਾਰੀ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਦੀ ਓਰੀਐਂਟੇਸ਼ਨ ਵਰਕਸ਼ਾਪ ਦਾ 10ਵਾਂ ਗੇੜ ਸਮਾਪਤ

ਸੈਂਟਰ ਹੈੱਡ ਟੀਚਰਾਂ ਨੂੰ ਗਣਿਤ, ਪੰਜਾਬੀ ਤੇ ਅੰਗਰੇਜ਼ੀ ਵਿਸ਼ੇ ਦੀਆਂ ਸਿੱਖਣ ਸਿਖਾਉਣ ਵਿਧੀਆਂ ਬਾਰੇ ਦਿੱਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਉੱਚਾ ਚੁੱਕਣ ਤੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਦੀ ਦੋ ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਬੀਤੇ ਦਿਨੀਂ ਸਮਾਪਤ ਹੋ ਗਈ। ਜਿਸ ਵਿੱਚ 72 ਸੈਂਟਰ ਹੈੱਡ ਟੀਚਰਾਂ ਨੇ ਹਿੱਸਾ ਲਿਆ। ਇਸ ਮੌਕੇ ਅਧਿਆਪਕਾਂ ਨੂੰ ਸਿੱਖਣ ਸਿਖਾਉਣ ਵਿਧੀਆਂ ਅਤੇ ਸਕੂਲ ਦੇ ਪਾਠਕ੍ਰਮ ਅਨੁਸਾਰ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਰਕਸ਼ਾਪ ਦਾ ਜਾਇਜ਼ਾ ਲਿਆ। ਇਸ ਮੌਕੇ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ (ਟਰੇਨਿੰਗਾਂ) ਡਾ. ਜਰਨੈਲ ਸਿੰਘ ਕਾਲੇਕੇ ਅਤੇ ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਵਰਕਸ਼ਾਪ ਨੂੰ ਸੰਬੋਧਨ ਕੀਤਾ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਹੈੱਡ ਟੀਚਰਾਂ ਨੂੰ ਤਕਨੀਕ ਪੱਖੋਂ ਮਜ਼ਬੂਤ ਕਰਨ ਅਤੇ ਸਕੂਲਾਂ ਦੀ ਸਿੱਖਿਆ ਦਾ ਗੁਣਾਤਮਿਕ ਪੱਧਰ ਉੱਚਾ ਚੁੱਕਣ ਲਈ ਦੋ-ਦੋ ਦਿਨਾਂ ਦੀ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਸੀਐੱਚਟੀ ਸਿੱਖਣ ਸਿਖਾਉਣ ਵਿਧੀਆਂ ਦੀਆਂ ਕਿਰਿਆਵਾਂ ਨੂੰ ਪ੍ਰਯੋਗੀ ਰੂਪ ਵਿੱਚ ਕਰਕੇ ਦਿਖਾਇਆ ਜਾਂਦਾ ਹੈ। ਇਸ ਵਰਕਸ਼ਾਪ ਦੌਰਾਨ ਪੰਜਾਬੀ, ਗਣਿਤ, ਅੰਗਰੇਜ਼ੀ ਅਤੇ ਵਾਤਾਵਾਰਨ ਵਿਸ਼ੇ ਨੂੰ ਬਾਰੀਕੀ ਨਾਲ ਸਮਝਿਆ ਅਤੇ ਸਮਝਾਇਆ ਗਿਆ। ਕਵਿਤਾਵਾਂ, ਬਾਲ ਗੀਤਾਂ ਨੂੰ ਗਾ ਕੇ, ਸਿੱਖਣ-ਸਿਖਾਉਣ ਸਹਾਇਕ ਸਮਗਰੀ ਨੂੰ ਵਰਤਦੇ ਹੋਏ ਵਿਸ਼ਾ ਵਸਤੂ ਨੂੰ ਸਮਝਣ ਲਈ ਸੈਂਟਰ ਹੈੱਡ ਟੀਚਰਾਂ ਨੇ ਰੌਚਕ ਢੰਗ ਨਾਲ ਹਿੱਸਾ ਲੈਂਦੇ ਹੋਏ ਦੇਖੇ ਗਏ ਹਨ।
ਸਿਖਲਾਈ ਹਾਸਲ ਕਰਨ ਵਾਲੇ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਓਰੀਐਂਟੇਸ਼ਨ ਪ੍ਰੋਗਰਾਮ ਲਗਾਉਣ ਦਾ ਉਪਰਾਲਾ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਈ ਸਿੱਧ ਹੋਵੇਗਾ। ਉਹ ਖ਼ੁਦ ਵੀ ਇਨ੍ਹਾਂ ਕਿਰਿਆਵਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਜਾ ਕੇ ਕਰਨਗੇ ਅਤੇ ਸਕੂਲ ਦੇ ਬਾਕੀ ਅਧਿਆਪਕਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਪਟਿਆਲਾ ਦੇ ਸੈਂਟਰ ਹੈੱਡ ਟੀਚਰ ਭਾਰਤ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਸੀ ਕਿ ਬੱਚਿਆਂ ਵਾਲੀਆਂ ਕਿਰਿਆਵਾਂ ਨੂੰ ਕਰਦੇ ਅਤੇ ਸਿੱਖਦੇ ਹੋਏ ਸਵੇਰ ਤੋਂ ਸ਼ਾਮ ਕਦੋਂ ਹੋ ਜਾਂਦੀ ਸੀ। ਬਹੁਤ ਹੀ ਆਨੰਦਮਈ ਮਾਹੌਲ ਵਿੱਚ ਇਹ ਸਿਖਲਾਈ ਵਰਕਸ਼ਾਪ ਦਾ ਸਮਾਂ ਲੰਘਿਆ ਜੋ ਕਿ ਸਿੱਖਿਆ ਵਿਭਾਗ ਦਾ ਮਿਆਰੀ ਸਿੱਖਿਆ ਲਈ ਬਿਹਤਰੀਨ ਕਦਮ ਹੈ। ਰਿਸੋਰਸ ਪਰਸਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਕਮ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਅਧਿਆਪਕਾਂ ਨੂੰ ਈ-ਕੰਟੈਂਟ ਅਤੇ ਮਲਟੀ ਮੀਡੀਆ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਅਧਿਆਪਕ ਅਤੇ ਵਿਦਿਆਰਥੀ ਜਮਾਤ ਦੇ ਕਮਰੇ ਵਿੱਚ ਸਿੱਖਿਆ ਪ੍ਰਾਪਤੀ ਲਈ ਉਸਾਰੂ ਤੇ ਅਨੁਕੂਲ ਮਾਹੌਲ ਬਣਾ ਸਕਣ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…