
ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ’ਚ 12.38 ਫੀਸਦੀ ਵਾਧਾ, ਪੰਜਾਬ ਭਰ ’ਚੋਂ ਮੁਹਾਲੀ ਅੱਵਲ
ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ 40.21 ਫੀਸਦੀ ਰਿਕਾਰਡ ਵਾਧਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਦੀ ਓਵਰਆਲ ਦਰ ਵਿੱਚ 12.38 ਫੀਸਦੀ ਦਾ ਵਾਧਾ ਹੋਇਆ ਹੈ। ਜਦੋਂਕਿ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ 40.21 ਫੀਸਦੀ ਰਿਕਾਰਡ ਵਾਧਾ ਹੋਣ ਨਾਲ ਭਵਿੱਖ ਵਿੱਚ ਸਰਕਾਰੀ ਸਕੂਲਾਂ ਨੀਂਹ ਹੋਰ ਵਧੇਰੇ ਮਜ਼ਬੂਤ ਹੋਵੇਗੀ। ਰਾਜ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਸਰਕਾਰੀ ਸਕੂਲਾਂ ਨੂੰ ਵੱਡਾ ਲਾਭ ਮਿਲਿਆ ਹੈ। ਅਧਿਆਪਕਾਂ ਨੇ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਘਰ ਵਰਗਾ ਮਾਹੌਲ ਦੇ ਕੇ ਮਾਪਿਆਂ ਦਾ ਦਿਲ ਜਿੱਤਿਆ ਹੈ। ਹਾਇਰ ਸੈਕੰਡਰੀ ਸਕੂਲਾਂ ਵੀ 22.04 ਫੀਸਦੀ ਦਾ ਵਾਧਾ ਹੋਇਆ ਹੈ। ਮੁਹਾਲੀ 24.93 ਫੀਸਦੀ ਵੱਡੇ ਫਰਕ ਨਾਲ ਪੰਜਾਬ ਭਰ ਚੋਂ ਪਹਿਲੇ ਨੰਬਰ ਤੇ ਕਾਇਮ ਹੈ। ਲੁਧਿਆਣਾ 17.96 ਫੀਸਦੀ ਨਾਲ ਦੂਜੇ ਅਤੇ ਫਤਹਿਗੜ੍ਹ 17.23 ਫੀਸਦੀ ਨਾਲ ਤੀਜੇ ਸਥਾਨ ’ਤੇ ਹੈ।
ਸਿੱਖਿਆ ਖੇਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਵੇਂ ਦਾਖ਼ਲਿਆਂ ਦੇ ਵਾਧੇ ਦੀ ਗੱਲ ਹੁਣ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ। ਇਸ ਮਿਸ਼ਨ ਦੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਦੀ ਸਾਂਝੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਮੰਨਿਆ ਜਾ ਰਿਹਾ ਹੈ। ਪਿਛਲੇ ਵਰ੍ਹੇ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 2352112 ਸੀ। ਹੁਣ ਵੱਧ ਕੇ 2 ਲੱਖ 64 ਹਜ਼ਾਰ 3411 ਹੋ ਗਈ ਹੈ। ਨਵੇਂ ਦਾਖ਼ਲ ਹੋਏ 291299 ਵਿਦਿਆਰਥੀਆਂ ’ਚੋਂ 1 ਲੱਖ 34 ਹਜ਼ਾਰ 248 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਫਤਹਿ ਬੁਲਾ ਕੇ ਆਏ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਵਿੱਚ 40.21 ਫੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਪ੍ਰੀ-ਪ੍ਰਾਇਮਰੀ ਵਿੱਚ 225565 ਬੱਚੇ ਸਨ। ਜਿਨ੍ਹਾਂ ਦੀ ਗਿਣਤੀ ਹੁਣ ਵਧਕੇ 316261 ਹੋ ਗਈ ਹੈ। ਗਿਆਰ੍ਹਵੀਂ ਅਤੇ ਬਾਰ੍ਹਵੀਂ ਵਿੱਚ ਵੀ 22.04 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ, ਹੁਣ 381412 ਹੋ ਗਈ। ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਤੱਕ 7.83 ਫੀਸਦੀ, ਛੇਵੀਂ ਤੋਂ ਅੱਠਵੀਂ ਤੱਕ 6.01 ਫੀਸਦੀ ਦਾ ਵਾਧਾ ਹੋਇਆ ਹੈ। ਨੌਵੀਂ ਤੇ ਦਸਵੀਂ ਦੇ ਨਵੇਂ ਦਾਖ਼ਲਿਆਂ ਵਿੱਚ 7.87 ਫੀਸਦੀ ਵਾਧਾ ਹੋਇਆ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਰਿਕਾਰਡਤੋੜ ਨਵੇਂ ਦਾਖ਼ਲਿਆਂ ਲਈ ਅਧਿਆਪਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਵਿੱਚ ਸਮਾਰਟ ਸਿੱਖਿਆ ਨੀਤੀ ਤਹਿਤ ਹਰ ਸਕੂਲ ਵਿੱਚ ਲੋੜੀਂਦੇ ਸਮਾਰਟ ਪ੍ਰਾਜੈਕਟਰ, ਪੜ੍ਹਾਈ ਲਈ ਈ-ਕੰਟੈਂਟ ਦੀ ਵਰਤੋਂ, ਵਧੀਆ ਕਲਾਸ ਰੂਮ, ਰੰਗਦਾਰ ਫਰਨੀਚਰ, ਮਿਸ਼ਨ ਸ਼ਤ ਪ੍ਰਤੀਸ਼ਤ, ਈਚ ਵਨ, ਬਰਿੰਗ ਵਨ, ਦਸਵੀਂ, ਬਾਰ੍ਹਵੀਂ ਦੇ ਸਲਾਨਾ ਨਤੀਜੇ ਦਾ ਚੰਗੇ ਆਉਣਾ, ਆਨਲਾਈਨ ਪੜ੍ਹਾਈ, ਸਿੱਧੀ ਭਰਤੀ, ਤਰੱਕੀਆਂ ਅਤੇ ਕਰੋਨਾਵਾਇਰਸ ਦੀ ਅੌਖੀ ਘੜੀ ਦੌਰਾਨ ਜਦੋ ਦੁਨੀਆਂ ਠਹਿਰ ਗਈ ਸੀ, ਇਨ੍ਹਾਂ ਚਣੌਤੀਆਂ ਭਰੇ ਦੌਰ ਵਿੱਚ ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਬੱਚਿਆਂ ਲਈ ਘਰ ਬੈਠੇ ਸਿੱਖਿਆ ਦਾ ਪ੍ਰਬੰਧ ਕਰਨਾ, ਜ਼ੂਮ ਐਪ, ਮੋਬਾਈਲ, ਵਟਸਐਪ, ਯੂ-ਟਿਊਬ,ਫੇਸਬੁੱਕ, ਗੂਗਲ ਕਲਾਸ ਰੂਮ, ਪੰਜਾਬ ਐਜੂਕੇਅਰ ਐਪ, ਰੇਡੀਓ, ਟੀਵੀ ’ਤੇ ਸਿੱਖਿਆ ਦਾ ਪ੍ਰਬੰਧ ਕਰਨਾ ਅਤੇ ਵਿਭਾਗੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ਨੂੰ ਸਿੱਖਰ ’ਤੇ ਲੈ ਆਂਦਾ। ਜਿਸ ਕਾਰਨ ਸਰਕਾਰੀ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ।