ਟੀਡੀਆਈ ਸੈਕਟਰਾਂ ਵਿੱਚ 12 ਘੰਟੇ ਗੁੱਲ ਰਹੀ ਬੱਤੀ, ਸੈਕਟਰ ਵਾਸੀਆਂ ਨੇ ਪੂਰੀ ਰਾਤ ਦਿੱਤਾ ਧਰਨਾ

ਰੋਹਿਤ ਗੋਗੀਆ ਨੂੰ ਸੌਣ ਨਹੀਂ ਦਿੱਤਾ, ਦੇਰ ਰਾਤ ਚੰਡੀਗੜ੍ਹ ਸਥਿਤ ਘਰ ਤੋਂ ਲੈ ਕੇ ਆਏ ਸੈਕਟਰ ਵਾਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਇੱਥੋਂ ਦੇ ਟੀਡੀਆਈ ਸੈਕਟਰ-110 ਅਤੇ ਸੈਕਟਰ-111 ਵਿੱਚ ਕਰੀਬ 12 ਘੰਟੇ ਬੱਤੀ ਗੁੱਲ ਰਹਿਣ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਘਰਾਂ ਵਿੱਚ ਰਹਿਣਾ ਦੁੱਭਰ ਹੋ ਗਿਆ। ਜਿਸ ਕਾਰਨ ਦੁਖੀ ਹੋ ਕੇ ਸੈਕਟਰ ਵਾਸੀਆਂ ਨੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀਆਂ ਦੇ ਬੈਨਰ ਹੇਠ ਟੀਡੀਆਈ ਦੇ ਸੇਲਜ਼ ਦਫ਼ਤਰ ਅੱਗੇ ਪੂਰੀ ਰਾਤ ਧਰਨਾ ਦਿੱਤਾ ਅਤੇ ਬਿਲਡਰ ਰਵਿੰਦਰ ਤਨੇਜਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਟੀਡੀਆਈ ਸੈਕਟਰ-110 ਰੈਜ਼ੀਡੈਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੈਕਟਰ-111 ਦੇ ਪ੍ਰਧਾਨ ਸੰਤ ਸਿੰਘ ਅਤੇ ਸਾਧੂ ਸਿੰਘ ਪ੍ਰਧਾਨ ਅਫੋਡੇਬਲ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਟੀਡੀਆਈ ਸੈਕਟਰਾਂ ਵਿੱਚ ਸ਼ਾਮ 5 ਵਜੇ ਬੱਤੀ ਗੁੱਲ ਹੋ ਗਈ ਅਤੇ ਅੱਜ ਸਵੇਰੇ 5 ਵਜੇ ਬਿਜਲੀ ਸਪਲਾਈ ਬਹਾਲ ਹੋਈ। ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਤੱਕ ਸੈਕਟਰ ਵਾਸੀਆਂ ਨੇ ਬਿਜਲੀ ਦੀ ਉਡੀਕ ਕੀਤੀ ਜਦੋਂ ਬਿਜਲੀ ਨਹੀਂ ਆਈ ਅਤੇ ਟੀਡੀਆਈ ਪ੍ਰਬੰਧਕਾਂ ਵੱਲੋਂ ਵੀ ਆਨਾਕਾਨੀ ਕੀਤੀ ਗਈ ਤਾਂ ਵੱਡੀ ਗਿਣਤੀ ਸਥਾਨਕ ਵਸਨੀਕ ਟੀਡੀਆਈ ਦੇ ਸੇਲਜ਼ ਦਫ਼ਤਰ ਅੱਗੇ ਦਰੀ ਵਿਛਾ ਕੇ ਧਰਨੇ ’ਤੇ ਬੈਠ ਗਏ ਜਦੋਂਕਿ ਕਾਫ਼ੀ ਲੋਕ ਅਤੇ ਅੌਰਤਾਂ ਟੀਡੀਆਈ ਦੇ ਮੁੱਖ ਪ੍ਰਬੰਧਕ ਰੋਹਿਤ ਗੋਗੀਆ ਦੇ ਸੈਕਟਰ-34 ਸਥਿਤ ਘਰ ਪਹੁੰਚ ਗਏ। ਮੁਹੱਲੇ ਵਿੱਚ ਬਦਨਾਮੀ ਦੇ ਘਰੋਂ ਰੋਹਿਤ ਗੋਗੀਆ ਵੀ ਸੈਕਟਰ ਵਾਸੀਆਂ ਨਾਲ ਸੇਲਜ਼ ਦਫ਼ਤਰ ਦੇ ਬਾਹੀਰ ਪਹੁੰਚ ਗਏ ਅਤੇ ਉਨ੍ਹਾਂ ਨੇ ਵੀ ਧਰਨੇ ਨੇੜੇ ਸੜਕ ’ਤੇ ਬੈਠ ਕੇ ਪੂਰੀ ਰਾਤ ਜਾਗ ਕੇ ਕੱਟੀ। ਸੋਮਵਾਰ ਨੂੰ ਸਵੇਰੇ ਤੜਕੇ 5 ਵਜੇ ਬਿਜਲੀ ਸਪਲਾਈ ਚਾਲੂ ਹੋਣ ’ਤੇ ਸੈਕਟਰ ਵਾਸੀਆਂ ਨੇ ਧਰਨਾ ਚੁੱਕਿਆ।
ਸੈਕਟਰ ਵਾਸੀਆਂ ਨੇ ਦੱਸਿਆ ਕਿ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਫ਼ਤੇ ਤੋਂ ਤਾਂ ਪੂਰੀ ਪੂਰੀ ਰਾਤ ਬਿਜਲੀ ਨਹੀਂ ਆਉਂਦੀ। ਰੈਜ਼ੀਡੈਂਟ ਵੈਲਫੇਅਰ ਸੁਸਾਇਟੀਆਂ ਵੱਲੋਂ ਕੁੱਝ ਦਿਨ ਪਹਿਲਾਂ ਵੀ ਲਾਂਡਰਾਂ-ਬਨੂੜ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਪਰ ਉਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਸੈਕਟਰ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਪੱਕਾ ਹੱਲ ਕਰਵਾਉਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਕਟਰਾਂ ਦੇ ਕੁਝ ਮਰੀਜ਼ ਵੈਂਟੀਲੇਟਰ ’ਤੇ ਹਨ। ਲੰਮਾ ਸਮਾਂ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਨੂੰ ਮਜਬੂਰੀਬੱਸ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ।
ਪੀੜਤ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਨਹੀਂ ਹੋਇਆ ਤਾਂ ਗਮਾਡਾ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਕਿਉਂਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਗਮਾਡਾ ਬਿਲਡਰ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਬਲਕਿ ਨਵੇਂ ਪਲਾਟਾਂ ਦੇ ਨਕਸ਼ੇ, ਬਿਨਾਂ ਸੜਕਾਂ, ਬਿਨਾਂ ਸੀਵਰੇਜ ਅਤੇ ਬਿਨਾਂ ਬਿਜਲੀ ਤੋਂ ਪਾਸ ਕੀਤੇ ਜਾ ਰਹੇ ਹਨ। ਪਲਾਟ ਧਾਰਕਾਂ ਨੂੰ ਜਰਨੇਟਰ ਨਾਲ ਬੁੱਤਾ ਸਾਰਨਾ ਪੈ ਰਿਹਾ ਹੈ। ਇਸ ਮੌਕੇ ਜਸਵਿੰਦਰ ਸਿੰਘ ਗਿੱਲ, ਹਿਰਦੇਪਾਲ, ਭਜਨ ਸਿੰਘ, ਜਸਬੀਰ ਸਿੰਘ ਗੜਾਂਗ, ਸੰਜੇ ਕੁਮਾਰ, ਰਾਜੀਵ ਸਹਿਦੇਵ, ਪ੍ਰੇਮ ਸਿੰਘ, ਸੰਦੀਪ ਸ਼ਰਮਾ, ਮਹੇਸ਼ ਕੁਮਾਰ, ਤਨੂ ਅਗਰਵਾਲ ਅਤੇ ਹੋਰ ਪਤਵੰਤੇ ਮੌਜੂਦ ਸਨ।

ਉਧਰ, ਮੁਹਾਲੀ ਤੇ ਖਰੜ ਸ਼ਹਿਰੀ ਖੇਤਰ ਅਤੇ ਨੇੜਲੇ ਪਿੰਡਾਂ ਵਿੱਚ ਵੀ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਲੋਕ ਡਾਢੇ ਦੁਖੀ ਹਨ। ਬੱਤੀ ਕਦੋਂ ਗੁੱਲ ਹੋ ਜਾਵੇਗੀ ਅਤੇ ਵਾਪਸ ਬਿਜਲੀ ਕਦੋਂ ਆਏਗੀ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ। ਬਿਜਲੀ ਦੇ ਨਿਰਭਰ ਕਾਰੋਬਾਰੀ ਵੀ ਤੰਗ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਅਨਮੋਲ ਗਗਨ ਮਾਨ ਤੋਂ ਮੰਗ ਕੀਤੀ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਤੋਂਟ ਨਿਜਾਤ ਦੁਆਈ ਜਾਵੇ ਅਤੇ ਲੋਕਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…