nabaz-e-punjab.com

ਕਰੋਨਾਵਾਇਰਸ: ਮੁਹਾਲੀ ਹਵਾਈ ਅੱਡੇ ’ਤੇ 123 ਯਾਤਰੀਆਂ ਦੀ ਜਾਂਚ

ਸਿਹਤ ਵਿਭਾਗ ਵੱਲੋਂ ਹੁਣ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਵੀ ਜਾਂਚ ਸ਼ੁਰੂ, ਰੋਜ਼ਾਨਾ 41 ਫਲਾਈਟਾਂ ’ਚ ਆਉਂਦੇ ਨੇ 5 ਹਜ਼ਾਰ ਯਾਤਰੀ

ਚਾਈਨਾ, ਕੋਰੀਆ, ਜਰਮਨੀ, ਫਰਾਂਸ, ਈਰਾਨ ਤੇ ਇਟਲੀ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਰੱਖਿਆ ਜਾਵੇਗਾ ਹੋਮ ਆਈਸੋਲੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਚੀਨ ਸਮੇਤ ਹੋਰਨਾਂ ਮੁਲਕਾਂ ਵਿੱਚ ਲਗਾਤਾਰ ਵੱਧ ਰਹੇ ‘ਕਰੋਨਾਵਾਇਰਸ’ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਦੀ ਅਗਵਾਈ ਹੇਠ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸ਼ਾਰਜਾਹ ਤੋਂ ਆਈ ਫਲਾਈਟ ਵਿੱਚ ਸਵਾਰ 123 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ। ਭਾਵੇਂ ਇਨ੍ਹਾਂ ਸਾਰੇ ਯਾਤਰੀਆਂ ਵਿੱਚ ਕਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ ਪ੍ਰੰਤੂ ਇਨ੍ਹਾਂ ਸਾਰੇ ਯਾਤਰੀਆਂ ਨੂੰ ਹਾਊਸ ਆਈਸੋਲੇਸ਼ਨ ਵਿੱਚ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਜਿਨ੍ਹਾਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸੀ। ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਉਧਰ, ਸਿਹਤ ਵਿਭਾਗ ਨੇ ਹੁਣ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵੀ ਮੈਡੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਹਵਾਈ ਅੱਡੇ ਤੋਂ ਦਿੱਲੀ, ਹੈਦਰਾਬਾਦ ਅਤੇ ਗੋਆ ਲਈ ਰੋਜ਼ਾਨਾ 40 ਤੋਂ ਵੱਧ ਘਰੇਲੂ ਉਡਾਣਾਂ ਆਉਂਦੀਆਂ ਜਾਂਦੀਆਂ ਹਨ। ਇਨ੍ਹਾਂ ਉਡਾਣਾਂ ਵਿੱਚ ਰੋਜ਼ਾਨਾ ਕਰੀਬ 5 ਹਜ਼ਾਰ ਵਿਅਕਤੀ ਸਫਰ ਕਰਦੇ ਹਨ। ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਜੇਕਰ ਘਰੇਲੂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਕਿਸੇ ਯਾਤਰੀ ਵਿੱਚ ਕਰੋਨਾਵਾਇਰਸ ਦੇ ਲੱਛਣ ਪਾਏ ਤਾਂ ਉਸ ਨੂੰ ਪਹਿਲਾਂ ਹਵਾਈ ਅੱਡੇ ’ਤੇ ਸਥਾਪਿਤ ਆਰਜ਼ੀ ਆਈਸੋਲੇਸ਼ਨ ਵਾਰਡ ਵਿੱਚ ਲਿਜਾ ਕੇ ਮੈਡੀਕਲ ਜਾਂਚ ਕੀਤੀ ਜਾਵੇਗੀ। ਇਸ ਮਗਰੋਂ ਅਗਲੇ 14 ਦਿਨਾਂ ਤੱਕ ਸਬੰਧਤ ਸ਼ੱਕੀ ਮਰੀਜ਼ ਨੂੰ ਹਾਊਸ ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਹੋਰਨਾਂ ਲੋਕਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਚਾਈਨਾ, ਕੋਰੀਆ, ਜਰਮਨੀ ਫਰਾਂਸ, ਈਰਾਨ ਅਤੇ ਇਟਲੀ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਮੁੱਢਲੀ ਮੈਡੀਕਲ ਜਾਂਚ ਤੋਂ ਬਾਅਦ ਹਾਊਸ ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਮੁੱਚੇ ਜ਼ਿਲ੍ਹੇ ’ਚੋਂ ਹੁਣ ਤੱਕ 22 ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ। ਇਨ੍ਹਾਂ ਸਾਰੇ ਸ਼ੱਕੀ ਮਰੀਜ਼ਾਂ ਦੀ ਸੈਂਪਲਾਂ ਦੀ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਇੱਥੋਂ ਦੇ ਫੋਰਟਿਸ ਹਸਪਤਾਲ ਅਤੇ ਸੰਨੀ ਇਨਕਲੇਵ ਦੀ ਅੌਰਤ ਦੇ ਲਏ ਖੂਨ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸਾਰੇ ਹਸਪਤਾਲਾਂ ਇੱਥੋਂ ਤੱਕ ਕਿ ਸਿਵਲ ਡਿਸਪੈਂਸਰੀਆਂ ਵਿੱਚ ਵੀ ਆਈਸੋਲੇਸ਼ਨ ਵਾਰਡਾਂ ਦੀ ਵਿਵਸਥਾ ਕੀਤੀ ਗਈ ਹੈ। ਐਮਰਜੈਂਸੀ ਪੈਣ ’ਤੇ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ 70 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਏਅਰਪੋਰਟ ਅਥਾਰਟੀ ਸਮੇਤ ਇਮੀਗਰੇਸ਼ਨ ਤੋਂ ਵੱਖ ਵੱਖ ਵਿਦੇਸ਼ੀ ਮੁਲਕਾਂ ਦੀ ਯਾਤਰਾ ਕਰਨ ਵਾਲੇ ਵਿਅਕਤੀਆਂ ਦਾ ਬਿਊਰਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਵੱਡੇ ਸ਼ਹਿਰਾਂ ਵਿੱਚ ਆਉਣ ਜਾਣ ਵਾਲੇ ਵਿਅਕਤੀਆਂ ਦੇ ਵੇਰਵੇ ਵੀ ਇਕੱਤਰ ਕੀਤੇ ਜਾ ਰਹੇ ਹਨ ਤਾਂ ਜੋ ਸਬੰਧਤ ਵਿਅਕਤੀਆਂ ਦੀ ਵੀ ਮੈਡੀਕਲ ਜਾਂਚ ਯਕੀਨੀ ਬਣਾਈ ਜਾ ਸਕੇ ਅਤੇ ਇਸ ਮਾਰੂ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…