
125 ਪਸ਼ੂ ਦੂਜੀ ਗਊਸ਼ਾਲਾ ਵਿੱਚ ਕੀਤੇ ਸ਼ਿਫ਼ਟ, ਧੁੱਪ ਸੇਕਣ ਲਈ ਹੋਵੇਗਾ ਵਾੜੇ ਦਾ ਪ੍ਰਬੰਧ
ਕਾਰਜਕਾਰੀ ਮੇਅਰ, ਡਿਪਟੀ ਮੇਅਰ ਤੇ ਸਕੱਤਰ ਨੇ ਗਊਸ਼ਾਲਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਮੁਹਾਲੀ ਦੀ ਸਰਕਾਰੀ ਗਊਸ਼ਾਲਾ ਵਿੱਚ ਸਮਰੱਥਾ ਤੋਂ ਵੱਧ ਪਸ਼ੂ ਡੱਕਣ ਅਤੇ ਕਈ ਪਸ਼ੂਆਂ ਦੀ ਮੌਤ ਹੋਣ ਸਬੰਧੀ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੁਣ ਨਗਰ ਨਿਗਮ ਵੀ ਹਰਕਤ ਵਿੱਚ ਆ ਗਿਆ ਹੈ। ਅੱਜ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਨਿਗਮ ਦੇ ਸਕੱਤਰ ਰਣਜੀਵ ਕੁਮਾਰ ਨੇ ਗਊਸ਼ਾਲਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੌਜੂਦਾ ਹਾਲਾਤਾਂ ਵਿੱਚ ਸੁਧਾਰਨ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਦੱਸਿਆ ਕਿ 125 ਤੋਂ ਵੱਧ ਪਸ਼ੂਆਂ ਨੂੰ ਦੂਜੀ ਗਊਸ਼ਾਲਾ ਵਿੱਚ ਸ਼ਿਫ਼ਟ ਕੀਤਾ ਗਿਆ ਹੈ ਅਤੇ ਲੋੜ ਪੈਣ ’ਤੇ ਹੋਰ ਪਸ਼ੂ ਦੂਜੀ ਥਾਂ ਤਬਦੀਲ ਕੀਤੇ ਜਾਣਗੇ।
ਇਸ ਮੌਕੇ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਅੱਜ ਅਖ਼ਬਾਰ ਵਿੱਚ ਖਬਰ ਪੜ੍ਹ ਕੇ ਉਨ੍ਹਾਂ ਨੂੰ ਗਊਸ਼ਾਲਾ ਵਿੱਚ ਸਮਰੱਥਾ ਤੋਂ ਵੱਧ ਪਸ਼ੂ ਡੱਕਣ ਅਤੇ ਪਸ਼ੂਆਂ ਦੀ ਮੌਤ ਬਾਰੇ ਪਤਾ ਲੱਗਾ ਅਤੇ ਉਹ ਤੁਰੰਤ ਜਾਇਜ਼ ਲੈਣ ਪਹੁੰਚ ਗਏ। ਗਊਸ਼ਾਲਾ ਦੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਦੀ ਮੰਗ ’ਤੇ ਕਾਰਜਕਾਰੀ ਮੇਅਰ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਊਸ਼ਾਲਾ ਦੇ ਨਾਲ ਲੱਗਦੀ ਖਾਲੀ ਜ਼ਮੀਨ ਵਿੱਚ ਕੰਡਾ ਤਾਰ ਲਗਾ ਕੇ ਪਸ਼ੂਆਂ ਲਈ ਖੁੱਲ੍ਹਾ ਵਾੜਾ ਬਣਾਉਣ ਦੀ ਗੱਲ ਕਹੀ ਤਾਂ ਜੋ ਦਿਨ ਵਿੱਚ ਧੁੱਪ ਸੇਕਣ ਲਈ ਪਸ਼ੂਆਂ ਨੂੰ ਸ਼ੈੱਡ ’ਚੋਂ ਬਾਹਰ ਬੰਨ੍ਹਿਆ ਜਾ ਸਕੇ। ਇਸ ਸਬੰਧੀ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਨਿਗਮ ਦੇ ਸਕੱਤਰ ਰਣਜੀਵ ਕੁਮਾਰ ਨੂੰ ਬਣਦੀ ਕਾਰਵਾਈ ਅਰੰਭ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਗਊਸ਼ਾਲਾ ਵਿੱਚ ਪਸ਼ੂਆਂ ਲਈ ਹੋਰ ਨਵੇਂ ਸ਼ੈੱਡ ਬਣਾਉਣ ’ਤੇ ਵੀ ਜ਼ੋਰ ਦਿੱਤਾ।

ਗਊਸ਼ਾਲਾ ਦੇ ਮੁੱਖ ਸੇਵਾਦਾਰ ਪਰਦੀਪ ਕੁਮਾਰ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਗਊਸ਼ਾਲਾ ਵਿੱਚ ਸਮਰਥਾ ਤੋਂ ਵੱਧ ਪਸ਼ੂ ਹੋਣ ਕਾਰਨ ਕਾਫ਼ੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਰੋਜ਼ਾਨਾ 15 ਤੋਂ 20 ਪਸ਼ੂ ਫੜ ਕੇ ਗਊਸ਼ਾਲਾ ਵਿੱਚ ਛੱਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ ਪਸ਼ੂਆਂ ਦੇ ਇਲਾਜ ਲਈ ਆਪਣਾ ਡਾਕਟਰ ਹੋਣ ਦੇ ਨਾਲ-ਨਾਲ ਸਮੇਂ ਸਮੇਂ ’ਤੇ ਸਰਕਾਰੀ ਡਾਕਟਰੀ ਵੀ ਵਿਜ਼ਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ ਅਤੇ ਇਲਾਜ ਦੇ ਪੁਖ਼ਤਾ ਪ੍ਰਬੰਧ ਹਨ। ਇਨ੍ਹਾਂ ਪ੍ਰਬੰਧਾਂ ਬਾਰੇ ਨਿਗਮ ਅਧਿਕਾਰੀਆਂ ਨੇ ਵੀ ਤਸੱਲੀ ਪ੍ਰਗਟਾਈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਸੁਰਿੰਦਰ ਸਿੰਘ ਵੀ ਮੌਜੂਦ ਸਨ।