ਬਾਰ੍ਹਵੀਂ ਜਮਾਤ ਦਾ ਨਤੀਜਾ: ਸਰਕਾਰੀ ਸਕੂਲਾਂ ਨੇ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮੁਹਾਲੀ ਵਿੱਚ ਜ਼ਿਲ੍ਹਾ ਪੱਧਰ ’ਤੇ ਵੀ ਲੜਕੀਆਂ ਨੇ ਬਾਜੀ ਮਾਰਦਿਆਂ ਮੁੰਡਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਉਂਜ ਇਸ ਵਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖ ਲਈ ਹੈ। ਜ਼ਿਲ੍ਹਾ ਪੱਧਰੀ ਮੈਰਿਟ ਵਿੱਚ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਦਾ ਕਬਜ਼ਾ ਹੈ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਗਿੰਨੀ ਦੁੱਗਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਨਾਅਰੇ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਰਹੀਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਸਿੱਖਿਆ ਬੋਰਡ ਦੀ ਮੈਰਿਟ ਸੂਚੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਗੁਰਜੰਟ ਸਿੰਘ (ਸਾਇੰਸ) ਨੇ 500 ’ਚੋਂ 491 ਅੰਕ (98.20 ਫੀਸਦੀ) ਨਾਲ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਲੀਨ ਦਾ ਪੰਜਾਬ ਭਰ ’ਚ 37ਵਾਂ ਰੈਂਕ ਹੈ। ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦੀ ਪ੍ਰਿਆ ਸ਼ਰਮਾ ਪੁੱਤਰੀ ਵਿਨੋਦ ਕੁਮਾਰ (ਸਾਇੰਸ) ਅਤੇ ਸ਼ਹੀਦ ਲਾਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਅਰਮਾਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ (ਹਿਊਮੈਨਟੀਜ) ਨੇ ਬਰਾਬਰ 489 ਅੰਕ (97.80 ਫੀਸਦੀ) ਦੂਜੇ ਸਥਾਨ ’ਤੇ ਰਹੀਆਂ। ਇਨ੍ਹਾਂ ਦੋਵਾਂ ਵਿਦਿਆਰਥਣਾਂ ਦਾ ਪੰਜਾਬ ਦੀ ਮੈਰਿਟ ਵਿੱਚ 11ਵਾਂ ਰੈਂਕ ਹੈ। ਅਰਮਾਨਪ੍ਰੀਤ ਕੌਰ ਨੇ ਪ੍ਰਾਈਵੇਟ ਸੁਰੱਖਿਆ ਗਾਰਡ ਗੁਰਪ੍ਰੀਤ ਸਿੰਘ ਦੀ ਧੀ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦੀ ਚੰਨਪ੍ਰੀਤ ਕੌਰ ਪੁੱਤਰੀ ਨਰਿੰਦਰ ਸਿੰਘ (ਨਾਨ-ਮੈਡੀਕਲ) ਨੇ 488 ਅੰਕ (97.80 ਫੀਸਦੀ) ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਹਰਸ਼ਪ੍ਰੀਤ ਕੌਰ (ਮੈਡੀਕਲ) ਨੇ 487 ਅੰਕਾਂ ਨਾਲ ਚੌਥਾ, ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦੀ ਮਨਜੀਤ ਕੌਰ ਪੁੱਤਰੀ ਸ਼ਿਵ ਕਮਾਰ (ਮੈਡੀਕਲ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਦੀ ਪਲਕ ਕਪਿਲ (ਮੈਡੀਕਲ ਸਾਇੰਸ) ਨੇ ਬਰਾਬਰ 486 ਅੰਕਾਂ ਨਾਲ ਪੰਜਵਾਂ, ਸਰਕਾਰੀ ਮੈਰੀਟੋਰੀਅਸ ਸਕੂਲ ਮੁਹਾਲੀ ਦੀ ਭੁਪਿੰਦਰ ਕੌਰ ਪੁੱਤਰੀ ਕੁਲਵੰਤ ਸਿੰਘ (ਮੈਡੀਕਲ) ਅਤੇ ਕਵਿਤਾ ਪੁੱਤਰੀ ਰਜਿੰਦਰ ਕੌਰ (ਮੈਡੀਕਲ) ਨੇ ਬਰਾਬਰ 485 ਅੰਕ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ ਹੈ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…