Nabaz-e-punjab.com

ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 13 ਕੈਡਿਟਾਂ ਦੀ ਐਨਡੀਏ ਤੇ ਹੋਰ ਰੱਖਿਆ ਅਕੈਡਮੀਆਂ ਲਈ ਚੋਣ

ਪੰਜਾਬ ਵਿੱਚ ਸੱਤਾ ਸੰਭਾਲਣ ਮਗਰੋਂ 66 ਕੈਡਿਟ ਵੱਖ-ਵੱਖ ਰੱਖਿਆ ਟਰੇਨਿੰਗ ਅਕੈਡਮੀਆਂ ’ਚ ਹੋਏ ਸ਼ਾਮਲ: ਅਮਨ ਅਰੋੜਾ

ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ 13 ਕੈਡਿਟਾਂ ਦੀ ਪਿਛਲੇ ਦੋ ਮਹੀਨਿਆਂ ਵਿੱਚ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੋਣ ਹੋਣ ਨਾਲ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੂਬੇ ਵਿੱਚ ਸੱਤਾ ਸੰਭਾਲਣ ਉਪਰੰਤ ਇਸ ਸੰਸਥਾ ਦੇ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਚੁਣੇ ਜਾਣ ਵਾਲੇ ਕੈਡਿਟਾਂ ਦੀ ਗਿਣਤੀ ਵੱਧ ਕੇ 66 ਹੋ ਗਈ ਹੈ। ਇਹ ਸਫਲਤਾ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਪ੍ਰਤੀ ‘ਆਪ’ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਅੱਠ ਕੈਡਿਟ ਅਰਮਾਨਪ੍ਰੀਤ ਸਿੰਘ, ਕੇਸ਼ਵ ਸਿੰਗਲਾ, ਸੂਰਯਾਵਰਧਨ ਸਿੰਘ, ਫਤਹਿਵੀਰ ਸਿੰਘ, ਸੂਰਯਾਂਸ਼ ਠਾਕੁਰ, ਭਵਤੇਵੀਰ ਸਿੰਘ, ਰਾਘਵ ਸ਼ਰਮਾ ਅਤੇ ਸਾਹਿਲ ਸ਼ਰਮਾ ਐਨ.ਡੀ.ਏ.-153 ਕੋਰਸ ਲਈ ਐਨਡੀਏ, ਖੜਕਵਾਸਲਾ (ਪੁਣੇ) ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਅਨੀਕੇਤ ਸ਼ਰਮਾ ਮੱਧ ਪ੍ਰਦੇਸ਼ ਦੇ ਮਹੂ ਵਿਖੇ ਕੈਡਿਟਜ਼ ਟਰੇਨਿੰਗ ਵਿੰਗ (ਸੀਟੀਡਬਲਿਊ) ਵਿੱਚ ਸ਼ਾਮਲ ਹੋਇਆ, ਜਦਕਿ ਮਾਨਸ ਤਨੇਜਾ ਟੈਕਨੀਕਲ ਐਂਟਰੀ ਸਕੀਮ (ਟੀਈਐਸ)-52 ਕੋਰਸ ਲਈ ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੀਟੀਡਬਲਿਊ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਾਸੂ ਮਹਿਤਾ 217 ਏਐਫ਼ਏ ਕੋਰਸ ਲਈ ਏਅਰ ਫੋਰਸ ਅਕੈਡਮੀ (ਏਐਫ਼ਏ), ਡੁੰਡੀਗਲ ਵਿੱਚ ਸ਼ਾਮਲ ਹੋਇਆ। ਜਸਕਰਨ ਸਿੰਘ (ਐਮਆਰਐਸਏਐਫਪੀਆਈ ਦਾ ਸੀਟੀਡਬਲਯੂ) ਏਐਫ਼ਏ ਦੇ 217 ਕੋਰਸ ਵਿੱਚ ਸ਼ਾਮਲ ਹੋਇਆ, ਜਦਕਿ ਇਸੇ ਸੰਸਥਾ ਦੇ ਪ੍ਰਸ਼ਾਂਤ ਕੁਮਾਰ ( ਸੀਟੀਡਬਲਯੂ) ਰੀਮਾਊਂਟ ਵੈਟਰਨਰੀ ਕੋਰ ਸੈਂਟਰ ਐਂਡ ਕਾਲਜ, ਮੇਰਠ ਵਿੱਚ 92 ਆਰਵੀਵਾਈਓ (ਰੀਮਾਊਂਟ ਵੈਟਰਨਰੀ ਯੰਗ ਅਫਸਰ) ਕੋਰਸ ਲਈ ਚੁਣਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨਡੀਏ-153 ਕੋਰਸ ਲਈ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਕੇਸ਼ਵ ਸਿੰਗਲਾ ਨੇ ਇਸੇ ਕੋਰਸ ਲਈ ਆਲ ਇੰਡੀਆ ਮੈਰਿਟ ਵਿੱਚ 15ਵਾਂ ਰੈਂਕ ਪ੍ਰਾਪਤ ਕੀਤਾ। ਕੈਬਨਿਟ ਮੰਤਰੀ ਨੇ ਇਨ੍ਹਾਂ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਦੀ ਚੋਣ ’ਤੇ ਵਧਾਈ ਦਿੱਤੀ ਅਤੇ ਰੱਖਿਆ ਸੇਵਾਵਾਂ ਵਿੱਚ ਉਨ੍ਹਾਂ ਦੀ ਸਿਖਲਾਈ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਦੱਸਿਆ ਕਿ ਸੰਸਥਾ ਦੇ ਪੰਜ ਹੋਰ ਕੈਡਿਟ ਮਾਰਚ 2025 ਵਿੱਚ ਸ਼ੁਰੂ ਹੋਣ ਵਾਲੇ ਕੋਰਸ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ 13ਵੇਂ ਕੋਰਸ ਦੇ ਕੈਡਿਟ ਆਪਣੇ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸਐਸਬੀ) ਦੇ ਇੰਟਰਵਿਊ ਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸਿੱਖਿਆ ਬੋਰਡ ਵੱਲੋਂ ਪ੍ਰਯੋਗੀ ਪ੍ਰੀਖਿਆਵਾਂ ਬਾਰੇ ਸ਼ਡਿਊਲ ਜਾਰੀ

ਸਿੱਖਿਆ ਬੋਰਡ ਵੱਲੋਂ ਪ੍ਰਯੋਗੀ ਪ੍ਰੀਖਿਆਵਾਂ ਬਾਰੇ ਸ਼ਡਿਊਲ ਜਾਰੀ ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ: ਪੰਜਾਬ …