nabaz-e-punjab.com

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟ ਐਨਡੀਏ ਅਤੇ ਆਈਐਮਏ ’ਚ ਸ਼ਾਮਲ

ਕੈਡਿਟ ਮਨਪ੍ਰੀਤ ਸਿੰਘ ਟੈਕਨੀਕਲ ਐਂਟਰੀ ਸਕੀਮ ਦੇ ਸਿਖ਼ਰਲੇ 20 ਉਮੀਦਵਾਰਾਂ ’ਚ ਸ਼ਾਮਲ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੋਣਹਾਰ ਕੈਡਿਟਾਂ ਨੂੰ ਦਿੱਤੀ ਵਧਾਈ

ਨਬਜ਼-ਏ-ਪੰਜਾਬ, ਮੁਹਾਲੀ, 15 ਜੁਲਾਈ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) ਸੈਕਟਰ-77 (ਮੁਹਾਲੀ) ਦੇ 13 ਕੈਡਿਟ ਪਿਛਲੇ ਮਹੀਨੇ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਤਕਨੀਕੀ ਦਾਖ਼ਲਾ ਸਕੀਮ (ਟੀਈਐਸ) ਵਰਗੀਆਂ ਵੱਕਾਰੀ ਰੱਖਿਆ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ। ਕੈਡਿਟ ਮਨਪ੍ਰੀਤ ਸਿੰਘ ਟੀਈਐਸ ਐਂਟਰੀ ਲਈ ਚੁਣੇ ਗਏ ਚੋਟੀ ਦੇ 20 ਉਮੀਦਵਾਰਾਂ ਵਿੱਚ ਸ਼ਾਮਲ ਹੈ।
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦੇ ਕਿਹਾ ਕਿ ਇਨ੍ਹਾਂ 13 ਕੈਡਿਟਾਂ ਦੇ ਚੁਣੇ ਜਾਣ ਨਾਲ ਮੁਹਾਲੀ ਇੰਸਟੀਚਿਊਟ ਦੇ ਹੁਣ ਤੱਕ ਕੁੱਲ 216 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਸੰਸਥਾ ਦੇ 141 ਸਾਬਕਾ ਕੈਡਿਟਾਂ ਭਾਰਤ ਦੇ ਰੱਖਿਆ ਸੇਵਾਵਾਂ ਵਿੱਚ ਬਤੌਰ ਕਮਿਸ਼ਨਡ ਅਫ਼ਸਰ ਨਿਯੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਜਾਣ ਦੇ ਇਛੁੱਕ ਪੰਜਾਬ ਦੇ ਧੀਆਂ-ਪੁੱਤਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਇਹ ਸੂਬੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ 52 ਫ਼ੀਸਦੀ ਦੀ ਚੋਣ ਦਰ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ। ਉਨ੍ਹਾਂ ਕਿਹਾ ਕਿ ਇਹ ਕੈਡਿਟ ਦੇਸ਼ ਦਾ ਮਾਣ ਸਾਬਤ ਹੋਣਗੇ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕੈਡਿਟਾਂ ਨੂੰ ਡਿਊਟੀ ਪ੍ਰਤੀ ਸਮਰਪਣ ਅਤੇ ਪੰਜਾਬ ਦੇ ਸਪੂਤ ਅਤੇ ਦੇਸ਼ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…