
ਬਲੌਂਗੀ ਕਲੋਨੀ ਵਿੱਚ 13 ਸ਼ੱਕੀ ਵਿਅਕਤੀਆਂ ਨੂੰ ਘਰ ਵਿੱਚ ਕੁਆਰੰਟੀਨ ਕੀਤਾ
ਵੀਆਰਵੀ ਮਾਲ ਦੇ ਰਿਲਾਇੰਸ ਸਟੋਰ ਦੀ ਮੁਲਾਜ਼ਮ ਲੜਕੀ ਨੂੰ ਤੇਜ਼ ਬੁਖ਼ਾਰ ਹੋਣ ਕਰਕੇ ਘਰ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਜ਼ਿਲ੍ਹਾ ਸਿਹਤ ਵਿਭਾਗ ਨੇ ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਾਵਧਾਨੀ ਵਰਤਦਿਆਂ ਅੱਜ ਮੁਹਾਲੀ ਨੇੜਲੇ ਕਸਬਾ ਬਲੌਂਗੀ ਕਲੋਨੀ ਦੇ ਦੋ ਪਰਿਵਾਰਾਂ ਦੇ 13 ਸ਼ੱਕੀ ਵਿਅਕਤੀਆਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਉਧਰ, ਵੀਆਰਵੀ ਮਾਲ ਵਿੱਚ ਸਥਿਤ ਰਿਲਾਇੰਸ ਦੇ ਸਟੋਰ ’ਤੇ ਨੌਕਰੀ ਕਰਦੀ ਸੀਮ ਰਾਣੀ (22) ਨੂੰ ਤੇਜ਼ ਬੁਖ਼ਾਰ ਹੋਣ ਕਾਰਨ ਵਾਪਸ ਘਰ ਭੇਜ ਦਿੱਤਾ ਹੈ। ਸੂਚਨਾ ਮਿਲਣ ’ਤੇ ਸਰਕਾਰੀ ਡਿਸਪੈਂਸਰੀ ਪਿੰਡ ਦਾਊਂ ਤੋਂ ਏਐਨਐਮ ਬਜਿੰਦਰਪਾਲ ਕੌਰ ਧਾਲੀਵਾਲ ਦੀ ਅਗਵਾਈ ਹੇਠ ਆਸ਼ਾ ਸੁਪਰਵਾਈਜ਼ਰ ਚਰਨਜੀਤ ਕੌਰ, ਆਸ਼ਾ ਵਰਕਰ ਸੋਮਪ੍ਰੀਤ ਕੌਰ ਅਤੇ ਰਣਜੀਤ ਕੌਰ ਨੇ ਅੱਜ ਬਲੌਂਗੀ ਵਿੱਚ ਏਕਤਾ ਕਲੋਨੀ ਦਾ ਸਰਵੇ ਕੀਤਾ।
ਜ਼ਿਲ੍ਹਾ ਨੋਡਲ ਅਫ਼ਸਰ ਹਰਮਨਦੀਪ ਕੌਰ ਅਤੇ ਮੁੱਢਲੀ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਸੀਮਾ ਰਾਣੀ ਅੱਜ ਰੋਜ਼ਾਨਾ ਵਾਂਗ ਰਿਲਾਇੰਸ ਸਟੋਰ ’ਤੇ ਡਿਊਟੀ ਲਈ ਗਈ ਸੀ ਲੇਕਿਨ ਮਾਲ ਦੇ ਐਂਟਰੀ ਗੇਟ ’ਤੇ ਤਾਇਨਾਤ ਮੈਡੀਕਲ ਟੀਮ ਨੇ ਜਦੋਂ ਜਾਂਚ ਕੀਤੀ ਗਈ ਤਾਂ ਸੀਮਾ ਤੇਜ਼ ਬੁਖ਼ਾਰ ਤੋਂ ਪੀੜਤ ਸੀ। ਜਿਸ ਕਾਰਨ ਉਸ ਨੂੰ ਤੁਰੰਤ ਵਾਪਸ ਭੇਜ ਕੇ ਸਿਹਤ ਵਿਭਾਗ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਏਐਨਐਮ ਬਜਿੰਦਰਪਾਲ ਕੌਰ ਧਾਲੀਵਾਲ ਤੁਰੰਤ ਆਸ਼ਾ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਬਲੌਂਗੀ ਪਹੁੰਚ ਗਈ। ਮੈਡੀਕਲ ਟੀਮ ਨੇ ਸੀਮਾ ਦੇ ਮਾਪਿਆਂ ਅਤੇ ਭਰਾਵਾਂ ਸਮੇਤ ਛੇ ਮੈਂਬਰਾਂ ਨੂੰ ਅਗਲੇ ਹੁਕਮਾਂ ਤੱਕ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਨੋਟਿਸ ਚਿਪਕਾਇਆ ਗਿਆ।
ਇੰਜ ਹੀ ਬੀਤੇ ਦਿਨੀਂ ਅੰਬਾਲਾ ਤੋਂ ਇੱਥੇ ਪੁੱਜੇ ਇਕ ਪਰਵਾਸੀ ਮਜ਼ਦੂਰ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਮੈਡੀਕਲ ਟੀਮ ਨੇ ਦੱਸਿਆ ਕਿ ਇਹ ਪਰਿਵਾਰ ਗੰਨੇ ਦੀ ਰੇਹੜੀ ’ਤੇ ਸਵਾਰ ਹੋ ਕੇ ਚੈਕਿੰਗ ਤੋਂ ਬਚਦਾ ਬਚਾਉਂਦਾ ਕਿਸੇ ਤਰੀਕੇ ਨਾਲ ਬਲੌਂਗੀ ਪਹੁੰਚ ਗਿਆ। ਇਸ ਪਰਿਵਾਰ ਦੇ ਤਿੰਨ ਪੁਰਸ਼ਾਂ, ਇਕ ਅੌਰਤ ਅਤੇ ਤਿੰਨ ਬੱਚਿਆਂ ਨੂੰ ਇਕਾਂਤਵਾਸ ਤਹਿਤ ਘਰ ਵਿੱਚ ਰਹਿਣ ਲਈ ਕਿਹਾ ਗਿਆ ਹੈ।