
ਮੈਰੀਟੋਰੀਅਸ ਸਕੂਲਾਂ ਦੇ 131 ਵਿਦਿਆਰਥੀਆਂ ਨੇ ਜੇਈਈ ਦੀ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ
ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਸਦਕਾ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ: ਡਾ. ਟੀਨਾ
ਸੱਤਾ ਵਿੱਚ ਆਈ ਪੰਜਾਬ ਦੀ ‘ਆਪ’ ਸਰਕਾਰ ਨੇ ਅਧਿਆਪਕਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ: ਡਾ. ਅਜੈ ਸ਼ਰਮਾ
ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ’ਚੋਂ 131 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ: ਰਾਕੇਸ਼ ਕੁਮਾਰ
ਨਬਜ਼-ਏ-ਪੰਜਾਬ, ਮੁਹਾਲੀ, 21 ਅਪਰੈਲ:
ਇਸ ਸਾਲ ਜੇਈਈ ਦੀ ਪ੍ਰੀਖਿਆ ’ਚੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਸਫ਼ਲ ਰਹੇ। ਜਿਨ੍ਹਾਂ ’ਚੋਂ 131 ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਦੇ ਹਨ। ਜੇਈਈ ਦੇ ਕੱਲ੍ਹ ਐਲਾਨੇ ਗਏ ਨਤੀਜੇ ਵਿੱਚ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਮਰਪਣ ਅਤੇ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਪੀਐੱਚਡੀ/ਨੈੱਟ/ ਗੋਲਡ ਮੈਡਲਿਸਟ ਉੱਚ-ਯੋਗਤਾ ਅਤੇ ਤਜਰਬੇਕਾਰ ਅਧਿਆਪਕਾਂ ਸਦਕਾ ਮੈਰੀਟੋਰੀਅਸ ਸਕੂਲ ਹਰੇਕ ਸਾਲ ਦੇਸ਼ ਦੇ ਮਿਆਰੀ ਟੈੱਸਟ ਜੇਈਈ\ਨੀਟ ਵਿੱਚ ਸੈਂਕੜੇ ਵਿਦਿਆਰਥੀਆਂ ਦੇ ਰਾਹ ਦਸੇਰਾ ਬਣ ਰਹੇ ਹਨ।
ਇਸ ਸੈਸ਼ਨ ਦੇ ਨਤੀਜਿਆਂ ਵਿੱਚ ਵੀ ਮੈਰੀਟੋਰੀਅਸ ਸਕੂਲਾਂ ਦੇ 131 ਵਿਦਿਆਰਥੀਆਂ ਨੇ ਜੇਈਈ ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਸਿਰਜਿਆ ਹੈ। ਅਜੋਕੇ ਦੌਰ ਵਿੱਚ ਦੇਸ਼ ਵਿੱਚ ਸ਼ਾਇਦ ਹੀ ਕਿਧਰੇ ਹੋਰ ਮਿਸਾਲ ਮਿਲਦੀ ਹੋਵੇ ਕਿ ਬਿਨਾਂ ਕੋਈ ਫ਼ੀਸ ਦਿੱਤੇ ਬੱਚੇ ਅਜਿਹੇ ਟੈੱਸਟ ਪਾਸ ਕਰ ਸਕਣ। ਇਸ ਸਫਲਤਾ ਲਈ ਸਮੁੱਚਾ ਪ੍ਰਬੰਧਨ ਸਟਾਫ਼ ਅਤੇ ਇਨ੍ਹਾਂ ਸਕੂਲਾਂ ਦੀ ਰੀੜ੍ਹ ਦੀ ਹੱਡੀ ਤਜਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ।
ਮੈਰੀਟੋਰੀਅਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਹਰ ਸਾਲ ਵਾਂਗ ਐਤਕੀਂ ਵੀ ਜੇਈਈ ਦੀ ਪ੍ਰੀਖਿਆ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਇਤਿਹਾਸ ਸਿਰਜ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਿਰ ਉੱਚਾ ਕੀਤਾ ਹੈ। ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਅਧਿਆਪਕਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਅਤੇ ਵਧੀਆ ਨਤੀਜੇ ਦੇਣ ਦੇ ਬਾਵਜੂਦ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ।
ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ 131 ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਜੇਈਈ ਦੀ ਅਹਿਮ ਪ੍ਰੀਖਿਆ ਪਾਸ ਕਰਕੇ ਸਖ਼ਤ ਮਿਹਨਤ ਦਾ ਲੋਹਾ ਮਨਵਾਇਆ ਹੈ ਪਰ ਉਹ ਪਿਛਲੇ 10 ਸਾਲਾਂ ਤੋਂ ਇਨਸਾਫ਼ ਲਈ ਖੱਜਲਖੁਆਰ ਹੋ ਰਹੇ ਹਨ। ਨਾ ਤਾਂ ਉਨ੍ਹਾਂ ਦੀ ਤਨਖ਼ਾਹ ਵਧਾਈ ਗਈ ਹੈ ਅਤੇ ਨਾ ਪਿਛਲੇ ਬਕਾਏ ਦਿੱਤੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹ ਸੰਘਰਸ਼ ਦੇ ਰਾਹ ’ਤੇ ਹਨ।