
ਮੁਹਾਲੀ ਜ਼ਿਲ੍ਹੇ ਵਿੱਚ ਬਿਨਾਂ ਮਾਸਕ ਵਾਲੇ 1452 ਚਲਾਨ ਕੀਤੇ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਿਛਲੇ 11 ਦਿਨਾਂ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਬਿਨਾਂ ਮਾਸਕ ਤੋਂ ਘਰਾਂ ’ਚੋਂ ਬਾਹਰ ਆਉਣ ਵਾਲੇ 1452 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਮਿਸ਼ਨ ਫਤਿਹ’ ਦੇ ਇਕ ਸਭ ਤੋਂ ਮਹੱਤਵਪੂਰਨ ਉਦੇਸ਼ ਭਾਵ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਨੂੰ ਅਮਲ ਵਿੱਚ ਲਿਆਉਣ ਲਈ ਵੱਡਮੁੱਲੀ ਸੇਵਾ ਨਿਭਾ ਰਹੀ ਹੈ। ਜ਼ਿਲ੍ਹਾ ਪੁਲੀਸ ਨੇ 20 ਮਈ ਤੋਂ 31 ਮਈ 2020 ਤੱਕ ਢੁਕਵੇਂ ਮਾਸਕ ਨਾ ਪਹਿਨਣ ’ਤੇ 1452 ਚਲਾਨ ਕੀਤੇ ਗਏ ਹਨ। ਜਿਸ ਤੋਂ ਸਬੰਧਤ ਵਿਅਕਤੀਆਂ ਕੋਲੋਂ 3 ਲੱਖ 16 ਹਜ਼ਾਰ 700 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਜਦੋਂਕਿ ਫਿਜੀਕਲ ਦੂਰੀ ਨਾ ਬਣਾਈ ਰੱਖਣ ਦੇ ਦੋਸ਼ ਵਿੱਚ 2 ਹਜ਼ਾਰ ਰੁਪਏ ਦਾ ਇਕ ਚਲਾਨ ਕੀਤਾ ਗਿਆ। ਇਸ ਪ੍ਰਕਾਰ ਚਲਾਨਾਂ ਨਾਲ ਕੁੱਲ 3 ਲੱਖ 18 ਹਜ਼ਾਰ 700 ਰੁਪਏ ਦੀ ਰਕਮ ਪ੍ਰਾਪਤ ਹੋਈ ਹੈ।
ਉਧਰ, ਜ਼ਿਲ੍ਹਾ ਪੁਲੀਸ ਦੇ ਟਰੈਫ਼ਿਕ ਜ਼ੋਨ-2 ਦੀ ਟੀਮ ਵੱਲੋਂ ਏਐਸਆਈ ਨਿਰਮਲ ਸਿੰਘ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-3ਬੀ2 ਵਿਖੇ ਗੁਰੁਦਆਰਾ ਸਾਚਾ ਧਨ ਸਾਹਿਬ ਦੇ ਸਾਹਮਣੇ ਟਰੈਫ਼ਿਕ ਪੁਲੀਸ ਵੱਲੋਂ ਨਾਕਾ ਲਗਾਇਆ ਗਿਆ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਨਾਕੇ ਦੌਰਾਨ ਦੋ ਦਰਜਨ ਤੋਂ ਵੱਧ ਵਿਅਕਤੀਆਂ ਦੇ ਚਲਨ ਕੱਟੇ ਗਏ ਹਨ। ਜਿਨ੍ਹਾਂ ਵਿੱਚ ਬਿਨਾਂ ਮਾਸਕ ਪਹਿਨੇ, ਵਾਧੂ ਸਵਾਰੀਆਂ ਬਿਠਾਉਣ ਵਾਲੇ ਆਟੋ ਚਾਲਕਾਂ ਅਤੇ ਕਾਰ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਜਦੋਂਕਿ ਵਾਹਨ ਦੇ ਪੂਰੇ ਦਸਤਾਵੇਜ ਨਾ ਹੋਣ ਕਾਰਨ ਦੋ ਵਾਹਨਾਂ ਨੂੰ ਜ਼ਬਤ ਕੀਤਾ ਗਿਆ।