nabaz-e-punjab.com

ਸੀਜੀਸੀ ਝੰਜੇੜੀ ਦੇ ਐਨਸੀਸੀ ਵਿਦਿਆਰਥੀਆਂ ਨੇ ਏਟੀਸੀ ਮੁਕਾਬਲਿਆਂ ’ਚ ਜਿੱਤੇ 15 ਸੋਨ ਦੇ ਤਮਗੇ

ਆਸ਼ੀਸ਼ ਕੁਮਾਰ ਨੂੰ ਬਿਹਤਰੀਨ ਕੈਡਿਟ ਚੁਣਦੇ ਹੋਏ ਸੋਨ ਤਮਗੇ ਨਾਲ ਕੀਤਾ ਸਨਮਾਨਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਦੇ ਐਨਸੀਸੀ ਵਿਦਿਆਰਥੀਆਂ ਨੇ 23 ਪੰਜਾਬ ਬਟਾਲੀਅਨ ਬੀਤੇ ਦਿਨੀਂ ਰੂਪਨਗਰ ਵਿੱਚ ਹੋਏ ਏਟੀਸੀ ਮੁਕਾਬਲਿਆਂ ਵਿੱਚ 15 ਸੋਨ ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ 23 ਪੰਜਾਬ ਬਟਾਲੀਅਨ ਵਲੋਂ ਹਰ ਸਾਲ ਆਪਣੇ ਅਧੀਨ ਆਉਂਦੀਆਂ ਸਿੱਖਿਆ ਸੰਸਥਾਵਾਂ ਦਰਮਿਆਨ ਵੱਖ-ਵੱਖ ਵਰਗਾਂ ਵਿਚ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ 464 ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਇਕ ਦੂਜੇ ਨੂੰ ਕਰੜੀ ਟੱਕਰ ਦਿੱਤੀ। ਜਦਕਿ ਇਸ ਵਰ੍ਹੇ ਸੀ ਜੀ ਸੀ ਝੰਜੇੜੀ ਦੇ 27 ਲੜਕਿਆਂ ਅਤੇ 8 ਲੜਕੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ।
ਇਸ ਦੌਰਾਨ ਕਰਵਾਏ ਗਏ ਮੁਕਾਬਲਿਆਂ ’ਚੋਂ ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਸੋਨ ਤਮਗਿਆਂ ’ਤੇ ਆਪਣਾ ਕਬਜ਼ਾ ਕੀਤਾ। ਇਹ ਪ੍ਰਾਪਤੀ ਸੀਜੀਸੀ ਦੇ ਵਿਦਿਆਰਥੀਆਂ ਨੂੰ ਮਾਨਚਿੱਤਰ ਪੜਨਾ, ਕੰਪਸ ਰੀਡਿੰਗ, .22 ਰਾਇਫਲ, 5.56 ਮਿਲੀ. ਰਾਇਫਲ ਅਤੇ ਲਾਈਟ ਮਸ਼ੀਨ ਗਨ, ਡ੍ਰਿਲ ਨਾਲ ਫਾਇਰਿੰਗ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸੋਨ ਤਮਗੇ ਜਿੱਤਣ ਵਾਲੇ ਇਨ੍ਹਾਂ ਕੈਡਿਟਾਂ ਵਿਚ ਸ਼ਵੇਤਾ ਸ਼ਰਮਾ, ਲਲਿਤ ਸਿੰਘ, ਅਭੀਸ਼ੇਕ ਕੁਮਾਰ, ਸਾਗਰ, ਰਜਤ, ਸੁਭਮ ਪਨਾਰਾ ਅਤੇ ਅਰਜੁਨ ਤੋਂ ਇਲਾਵਾ ਸ਼ਿਵਮ ਤਿਆਗੀ, ਮਨਪ੍ਰੀਤ ਕੌਰ, ਰੂਚੀ ਮਿਸ਼ਰਾ, ਕਾਜਲ ਬਖ਼ਸੀ ਆਦਿ ਵੀ ਸ਼ਾਮਿਲ ਹਨ। ਇਸ ਦੌਰਾਨ ਆਸ਼ੀਸ਼ ਕੁਮਾਰ ਨੂੰ ਸਭ ਤੋਂ ਵਧੀਆ ਕੈਡਿਟ ਚੁਣੇ ਜਾਣ ’ਤੇ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਜੀਸੀ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਝੰਜੇੜੀ ਦੇ ਐਨ ਸੀ ਸੀ ਕੈਡਿਟ ਲਗਾਤਾਰ ਹਰ ਸਾਲ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ਼ ਇਨ੍ਹਾਂ ਰਾਜ ਪੱਧਰੀ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕਰਦੇ ਹਨ ਬਲਕਿ ਦਿੱਲੀ ਵਿਚ ਹੋਣ ਵਾਲੀ ਸੁਤੰਤਰਤਾ ਅਤੇ ਗਣਤੰਤਰਤਾ ਦਿਵਸ ਦੀ ਪ੍ਰੇਡ ਵਿਚ ਵੀ ਹਿੱਸਾ ਲੈਂਦੇ ਹਨ ਜੋਕਿ ਬੇਸ਼ੱਕ ਸਾਡੇ ਲਈ ਮਾਣ ਦਾ ਸਬੱਬ ਹੈ। ਗਰੁੱਪ ਦੇ ਡਾਇਰੈਕਟਰ ਡਾ. ਜੀ.ਡੀ. ਬਾਂਸਲ ਨੇ ਐਨਸੀਸੀ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ’ਚ ਅਨੁਸ਼ਾਸ਼ਨ, ਮੁਕਾਬਲੇ ਦੀ ਭਾਵਨਾ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ, ਜੋ ਅੱਗੇ ਜਾ ਕੇ ਉਨ੍ਹਾਂ ਲਈ ਲਾਹੇਵੰਦ ਸਿੱਧ ਹੁੰਦੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…