
16 ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੰਗਾਂ ਸਬੰਧੀ ਸਰਕਾਰ ਨੂੰ 4 ਦਿਨ ਦਾ ਅਲਟੀਮੇਟਮ
25 ਮਈ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਫਗਵਾੜਾ ਵਿੱਚ ਕੌਮੀ ਮਾਰਗ ਜਾਮ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼ੁੱਕਰਵਾਰ ਨੂੰ ਵੱਖ-ਵੱਖ 16 ਕਿਸਾਨ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸੀ ਜਾਰੀ ਕਰਨ, ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਖ਼ਿਲਾਫ਼ ਜਾਰੀ ਕੀਤੇ ਵਾਰੰਟ ਰੱਦ ਕਰਨ, ਖੇਤੀ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਬੂਟਾ ਸਿੰਘ ਸ਼ਾਦੀਪੁਰ ਭਾਰਤੀ ਕਿਸਾਨ ਮੰਚ, ਸਤਨਾਮ ਸਿੰਘ ਸਾਹਨੀ, ਜਨਰਲ ਸੰਪਰਦਾ ਬੀਕੇਯੂ ਦੋਆਬਾ, ਨਿਰਭੈ ਸਿੰਘ ਢੁੱਡੀਕੇ ਪੀਡੀਟੀ ਬੀਕੇਯੂ ਕ੍ਰਾਂਤੀਕਾਰੀ, ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਯੂਨੀਅਨ, ਕੁਲਦੀਪ ਸਿੰਘ ਵਜੀਦਪੁਰ ਦੋਆਬਾ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਅੌਲਖ ਮਾਝਾ ਕਿਸਾਨ ਸੰਘਰਸ਼ ਕਮੇਟੀ, ਜੰਗਵੀਰ ਸਿੰਘ ਚੌਹਾਨ ਦੋਆਬਾ ਕਿਸਾਨ ਕਮੇਟੀ, ਬੂਟਾ ਸਿੰਘ ਬੁਰਜਗਿੱਲ ਬੀਕੇਯੂ ਡਕੌਂਦਾ, ਸਤਨਾਮ ਸਿੰਘ ਅਜਨਾਲਾ ਜਮਹੂਰੀ ਕਿਸਾਨ ਸਭਾ, ਦਵਿੰਦਰ ਸਿੰਘ ਮਿੰਟਾ ਦੋਆਬਾ ਕਿਸਾਨ ਸੰਘਰਸ਼ ਕਮੇਟੀ, ਹਰਮੀਤ ਸਿੰਘ ਕਾਦੀਆਂ, ਬੀਕੇਯੂ ਕਾਦੀਆਂ, ਫਰਮਾਨ ਸਿੰਘ ਸੰਧੂ ਅਤੇ ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ ਸਮੇਤ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ।
ਬਲਵਿੰਦਰ ਸਿੰਘ ਅੌਲਖ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਬਾਸਮਤੀ ਲਈ 5 ਹਜ਼ਾਰ ਰੁਪਏ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਝੋਨੇ ਤੋਂ ਇਲਾਵਾ ਹੋਰ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਵਿਭਿੰਨਤਾ ਬੋਨਸ ਵਜੋਂ 10 ਹਜ਼ਾਰ ਰੁਪਏ ਦਿੱਤੇ ਜਾਣ। ਛੋਟੇ ਕਿਸਾਨਾਂ ਦੀਆਂ ਸ਼ਾਮਲਾਤ ਜ਼ਮੀਨਾਂ ਐਕੁਆਇਰ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਤਤਕਾਲੀ ਪੰਜਾਬ ਸਰਕਾਰ ਨੇ ਪਹਿਲਾਂ ਗੰਨੇ ਦੀ ਬਕਾਇਆ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ 900 ਕਰੋੜ ਰੁਪਏ ਗੰਨੇ ਦੇ ਬਕਾਏ ਖੜ੍ਹੇ ਹਨ।
ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਾਰ ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਅਤੇ ਹੋਰ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ 25 ਮਈ ਨੂੰ ਕਿਸਾਨ ਜਥੇਬੰਦੀਆਂ ਫਗਵਾੜਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਹਿਰ ਦੀ ਸਫ਼ਾਈ ਜੰਗੀ ਪੱਧਰ ’ਤੇ ਕਰਵਾਈ ਜਾਵੇ ਅਤੇ ਨਹਿਰਾਂ ਵਿੱਚ ਪਾਣੀ ਜਲਦੀ ਤੋਂ ਜਲਦੀ ਛੱਡਿਆ ਜਾਵੇ।
ਮਨਜੀਤ ਸਿੰਘ ਰਾਏ ਨੇ ਦੱਸਿਆ ਕਿ 2 ਜੂਨ ਨੂੰ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਰਾਜਸਥਾਨ ਤੋਂ ਐਸ.ਕੇ.ਐਮ ਦੇ ਆਗੂ ਮੁੜ ਲਖੀਮਪੁਰ ਖੇੜੀ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐਸਕੇਐਮ ਨੇ ਲਖੀਮਪੁਰ ਖੇੜੀ ਕਾਂਡ ਦੇ ਪੀੜਤ ਪਰਿਵਾਰਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਭਾਵਿਤ ਪਰਿਵਾਰਾਂ ਨੂੰ 8.50 ਲੱਖ ਰੁਪਏ ਵਿੱਤੀ ਅਤੇ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕਿਸਾਨ ਆਗੂਆਂ ਵਿੱਚ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਨੇ ਕਿਸਾਨਾਂ ਨੂੰ 12 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਕਿਸਾਨਾਂ ਨੂੰ ਲਗਾਤਾਰ 4 ਘੰਟੇ ਵੀ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਪਾਵਰ ਬਿਜਲੀ ਸਪਲਾਈ ਦਿੱਤੀ ਜਾਵੇ। ਕਣਕ ਦੇ ਘੱਟ ਝਾੜ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਬਾਸਮਤੀ ’ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ।