
ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ 16 ਹੋਰ ਨਵੇਂ ਕੇਸ ਸਾਹਮਣੇ ਆਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੇ 16 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੇਸਾਂ ਦੀ ਕੁੱਲ ਗਿਣਤੀ 176 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 5 ਕੇਸ ਲਾਲੜੂ ਨਾਲ ਸਬੰਧਤ ਹਨ, ਇਕ ਮੁਬਾਰਕਪੁਰ ਤੋਂ ਹੈ (ਪਾਜੇਟਿਵ ਮਰੀਜ਼ ਦਾ ਸੰਪਰਕ), ਦੋ ਕੇਸ ਨਵਾਂ ਗਰਾਓਂ (ਇਕ ਕੇਸ ਪਾਜ਼ੇਟਿਵ ਮਰੀਜ਼ ਦਾ ਸੰਪਰਕ) ਅਤੇ ਦੋ ਕੇਸ ਡੇਰਾਬੱਸੀ (ਇਕ ਕੇਸ ਦਾ ਦਿੱਲੀ ਦੀ ਯਾਤਰਾ ਨਾਲ ਸਬੰਧਤ) ਤੋਂ, ਢਕੌਲੀ, ਖਰੜ ਅਤੇ 5 ਕੁਰਾਲੀ ਤੋਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 176 ਕਰੋਨਾ ਪੀੜਤ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 117 ਪੀੜਤ ਵਿਅਕਤੀ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ ਜਦੋਂਕਿ ਮੌਜੂਦਾ ਸਮੇਂ ਵਿੱਚ 56 ਐਕਟਿਵ ਕੇਸ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਵਿੱਚ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਆਮ ਲੋਕਾਂ ਨੂੰ ਫਿਜ਼ੀਕਲ ਦੂਰੀ ਬਣਾ ਕੇ ਰੱਖਣ, ਮਾਸਕ ਪਹਿਨਣ ਦੀ ਅਪੀਲ ਕਰਦਿਆਂ ਕਿਹਾ ਕਿ ਹਾਲੇ ਕਰੋਨਾ ਦਾ ਖ਼ਤਰਾ ਟਲਿਆ ਨਹੀਂ ਹੈ। ਲਿਹਾਜ਼ਾ ਕਰੋਨਾ ਦੀ ਮਹਾਮਾਰੀ ਨਾਲ ਲੜਨ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਹਥਿਆਰ ਹੈ।