
ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 160 ਨਵੇਂ ਮਾਮਲੇ, 3 ਮੌਤਾਂ
ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 9992 ’ਤੇ ਪੁੱਜੀ, 2186 ਐਕਟਿਵ ਕੇਸ, 264 ਨੂੰ ਮਿਲੀ ਛੁੱਟੀ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ 160 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 9992 ’ਤੇ ਪਹੁੰਚ ਗਈ ਹੈ। ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 183 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 264 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਨਜ਼ਦੀਕੀ ਪਿੰਡ ਸੈਦਪੁਰਾ ਦੇ 49 ਸਾਲਾ ਪੁਰਸ਼ ਦੀ ਮੌਤ ਹੋ ਗਈ। ਉਹ ਰਜਿੰਦਰ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਸੀ ਅਤੇ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗ ਤੋਂ ਪੀੜਤ ਸੀ। ਇਸੇ ਹਸਪਤਾਲ ਵਿੱਚ ਜੇਰੇ ਇਲਾਜ ਪਿੰਡ ਬਲਟਾਣਾ ਦੇ 53 ਸਾਲਾ ਪੁਰਸ਼ ਨੇ ਵੀ ਦਮ ਤੋੜ ਦਿੱਤਾ। ਉਹ ਵੀ ਬਲੱਡ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ। ਉਧਰ, ਸਥਾਨਕ ਮੈਕਸ ਹਸਪਤਾਲ ਵਿੱਚ ਦਾਖ਼ਲ ਡੇਰਾਬੱਸੀ ਦੇ 72 ਸਾਲਾ ਬਜ਼ੁਰਗ ਦੀ ਮੌਤ ਵੀ ਕਰੋਨਾ ਨਾਲ ਹੋ ਗਈ। ਇਹ ਵੀ ਪਹਿਲਾਂ ਤੋਂ ਹੀ ਬਲੱਡ ਸ਼ੂਗਰ, ਅਨੀਮੀਆ ਤੋਂ ਪੀੜਤ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ 160 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 134 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 8, ਨਵਾਂ ਗਾਉਂ ਵਿੱਚ ਇਕ, ਜ਼ੀਰਕਪੁਰ ਵਿੱਚ ਦੋ, ਲਾਲੜੂ ਵਿੱਚ 6 ਅਤੇ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 2186 ਨਵੇਂ ਕੇਸ ਐਕਟਿਵ ਹਨ। ਜਦੋਂਕਿ ਹੁਣ ਤੱਕ 7623 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਰੋਜ਼ਾਨਾ ਲਗਾਤਾਰ ਕਰੋਨਾ ਮਹਾਮਾਰੀ ਦੇ ਕੇਸ ਵਧ ਰਹੇ ਹਨ। ਉਸ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਕੰਮ ਹੋਵੇ ਤੱਦ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਘਰ ਤੋਂ ਬਾਹਰ ਜਾਂ ਕੰਮ ’ਤੇ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣਾ ਯਕੀਨੀ ਬਣਾਉਣ।