
ਰਾਜ ਪੱਧਰੀ ਲੋਕ ਅਦਾਲਤ ਵਿੱਚ 166 ਕੇਸਾਂ ਦਾ ਨਿਪਟਾਰਾ, 39 ਕਰੋੜ ਦੇ ਐਵਾਰਡ ਪਾਸ
ਨਬਜ਼-ਏ-ਪੰਜਾਬ, ਮੁਹਾਲੀ, 15 ਜੁਲਾਈ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਵਿਖੇ ਰਾਜ ਪੱਧਰੀ ਲੋਕ ਅਦਾਲਤ ਲਗਾਈ ਗਈ। ਜਿਸ ਵਿੱਚ ਮੋਟਰ ਐਕਸੀਡੈਂਟ ਕਲੇਮ, ਲੈਂਡ ਐਕੁਜੀਸ਼ਨ ਅਤੇ ਘਰੇਲੂ ਝਗੜਿਆਂ ਨਾਲ ਸਬੰਧਤ ਕੇਸ ਸੁਣਵਾਈ ਲਈ ਰੱਖੇ ਗਏ। ਇਸ ਦੌਰਾਨ ਫੈਮਲੀ ਕੋਰਟ ਦੇ ਪ੍ਰਿੰਸੀਪਲ ਜੱਜ ਬਰਜਿੰਦਰ ਪਾਲ ਸਿੰਘ ਦੇ ਯਤਨਾਂ ਸਦਕਾ ਚਾਰ ਵਿਆਹੁਤਾ ਜੋੜਿਆਂ ਨੇ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਮੁੜ ਇਕੱਠਿਆਂ ਰਹਿਣ ਨੂੰ ਤਰਜੀਹ ਦਿੱਤੀ। ਜਦੋਂਕਿ ਇਸ ਤੋਂ ਪਹਿਲਾਂ ਉਹ ਆਪਸੀ ਮਨ-ਮੁਟਾਓ ਕਾਰਨ ਅਦਾਲਤਾਂ ਵਿੱਚ ਇੱਕ ਦੂਜੇ ਖ਼ਿਲਾਫ਼ ਕੇਸ ਲੜ ਰਹੇ ਸਨ।
ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਈ ਗਈ ਇਸ ਲੋਕ ਅਦਾਲਤ ਵਿੱਚ ਕੁੱਲ 420 ਕੇਸ ਨਿਪਟਾਰੇ ਲਈ ਰੱਖੇ ਗਏ। ਜਿਨ੍ਹਾਂ ’ਚੋਂ 166 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਕੇ ਕੁੱਲ 38,97,75,586/ ਰੁਪਏ ਦੀ ਕੀਮਤ ਦੇ ਐਵਾਰਡ ਪਾਸ ਕੀਤੇ ਗਏ। ਲੋਕ ਅਦਾਲਤ ਵਿੱਚ ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਪੰਜ ਜੁਡੀਸ਼ਲ ਬੈਂਚਾਂ ਦਾ ਗਠਨ ਕੀਤਾ ਗਿਆ। ਜਿਨ੍ਹਾਂ ਦੀ ਪ੍ਰਧਾਨਗੀ ਅਵਤਾਰ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਸੰਦੀਪ ਕੁਮਾਰ ਸਿੰਗਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਰਜਿੰਦਰ ਪਾਲ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਜਗਜੀਤ ਸਿੰਘ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਵਿਸ਼ਵ ਜਯੋਤੀ ਸਿਵਲ ਜੱਜ (ਜੂਨੀਅਰ ਡਵੀਜ਼ਨ) ਨੇ ਕੀਤੀ।

ਇਸ ਤੋਂ ਇਲਾਵਾ ਡੇਰਾਬੱਸੀ ਵਿੱਚ ਰਮੇਸ਼ ਕੁਮਾਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਖਰੜ ਵਿੱਚ ਸੁਦੀਪਾ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ) ਦੀ ਅਗਵਾਈ ਹੇਠ ਵੀ 1-1 ਜੁਡੀਸ਼ਲ ਬੈਂਚ ਲਾਇਆ ਗਿਆ।