
ਜ਼ਿਲ੍ਹਾ ਮੁਹਾਲੀ ਵਿੱਚ 18 ਪੋਲਿੰਗ ਸਟੇਸ਼ਨ ਨਵੇਂ ਬਣਾਏ: ਮਾਨ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਕੀਤੀ ਗਈ ਰੇਸਨੇਲਾਈਜ਼ੇਸ਼ਨ
ਨਵੇਂ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਸਬੰਧੀ ਇਤਰਾਜ਼ ਤੇ ਸੁਝਾਅ ਦੇਣ ਲਈ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਈਜੇਸ਼ਨ ਕੀਤੀ ਗਈ ਹੈ। ਜਿਸ ਤਹਿਤ ਸਮੁੱਚੇ ਜ਼ਿਲ੍ਹੇ ਵਿੱਚ 18 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਰਨਦੇਵ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੀਤੀ ਗਈ ਰੇਸ਼ਨਲਾਈਜੇਸ਼ਨ ਸਬੰਧੀ ਨਵੇਂ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਸਬੰਧੀ ਇਤਰਾਜ਼/ਸੁਝਾਅ 2 ਦਿਨ ਦੇ ਅੰਦਰ ਅੰਦਰ ਲਿਖਤੀ ਤੌਰ ’ਤੇ ਦੇਣ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਗਿਣਤੀ 1200 ਰੱਖੀ ਗਈ ਹੈ ਅਤੇ ਸ਼ਹਿਰੀ ਖੇਤਰ ਦੇ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਗਿਣਤੀ 1400 ਰੱਖੀ ਗਈ ਹੈ। ਜਿਨ੍ਹਾਂ ਪੋਲਿੰਗ ਸਟੇਸ਼ਨਾਂ ਵਿਚ ਵੋਟਰਾਂ ਦੀ ਗਿਣਤੀ ਵੱਧ ਹੈ। ਉੱਥੇ ਨਵੇਂ ਪੋਲਿੰਗ ਸਟੇਸ਼ਨ ਜਾਂ ਤਾਂ ਉਸੇ ਬਿਲਡਿੰਗ ਵਿਚ ਜਾਂ ਨਵੀਂ ਬਿਲਡਿੰਗ ਵਿਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ 7 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ੍ਹਾਂ ਵਿੱਚ ਖਾਲਸਾ ਪਬਲਿਕ ਸਕੂਲ ਦਾ ਪੂਰਬੀ ਪਾਸਾ, ਖਾਲਸਾ ਪਬਲਿਕ ਸਕੂਲ ਦਾ ਪੱਛਮੀ ਪਾਸਾ, ਜ਼ਿਲ੍ਹਾ ਪ੍ਰੀਸ਼ਦ ਭਵਨ ਜੁਝਾਰ ਨਗਰ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬੱਲੋਮਾਜਰਾ, ਕੈਲਾਸ਼ ਮਾਉਂਟ ਪਬਲਿਕ ਸਕੂਲ ਬਲੌਂਗੀ, ਸਰਕਾਰੀ ਐਲੀਮੈਂਟਰੀ ਸਕੂਲ ਗੁਡਾਣਾ, ਸੈਂਟ ਜੈਮਸ ਸਕੂਲ ਜਗਤਪੁਰਾ ਸ਼ਾਮਲ ਹਨ।
ਇਸੇ ਤਰ੍ਹਾਂ ਖਰੜ ਵਿੱਚ 5 ਨਵੇਂ ਪੋਲਿੰਗ ਸਟੇਸ਼ਨ ਸਰਕਾਰੀ ਐਲੀਮੈਂਟਰੀ ਸਕੂਲ ਮਸੋਲ, ਸਰਕਾਰੀ ਐਲੀਮੈਂਟਰੀ ਸਕੂਲ ਤੋਗਾ, ਸਰਕਾਰੀ ਐਲੀਮੈਂਟਰੀ ਸਕੂਲ ਖੇੜਾ, ਨਗਰ ਕੌਂਸਲ ਦਫ਼ਤਰ ਖਰੜ, ਐਨੀਜ ਪਬਲਿਕ ਸਕੂਲ ਖਰੜ ਵਿੱਚ ਬਣਾਏ ਗਏ ਹਨ ਅਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਵਿੱਚ 6 ਨਵੇਂ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ੍ਹਾਂ ਵਿੱਚ ਮਿਉਂਸਪਲ ਕਮੇਟੀ ਸੈਂਟਰ ਭਬਾਤ ਦਾ ਪੂਰਬੀ ਪਾਸਾ, ਸੀਨੀਅਰ ਸਿਟੀਜਨ ਨਜ਼ਦੀਕ ਗੁਰਦੁਆਰਾ ਸਾਹਿਬ ਬਿਸ਼ਨਪੁਰਾ, ਡੀਐਸਪੀ ਸਕੂਲ ਵੀਆਈਪੀ ਰੋਡ ਪੁਰਬੀ ਪਾਸਾ, ਜੀ.ਐਸ ਮੈਮੋਰੀਅਲ ਪਬਲਿਕ ਸਕੂਲ ਜ਼ੀਰਕਪੁਰ, ਮਿਉਂਸਪਲ ਲਾਇਬਰੇਰੀ ਡੇਰਾਬੱਸੀ, ਐਨ.ਐਨ. ਮੋਹਨ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਸ਼ਾਮਲ ਹਨ। ਇਸ ਮੌਕੇ ਤਹਿਸੀਲਦਾਰ ਚੋਣਾਂ ਹਰਦੀਪ ਸਿੰਘ, ਜਗਤਾਰ ਸਿੰਘ, ਕਾਂਗਰਸ ਦੇ ਆਗੂ ਹਰਪ੍ਰੀਤ ਸਿੰਘ ਬਸਪਾ ਦੇ ਆਗੂ ਸੁਖਦੇਵ ਸਿੰਘ ਚੱਪੜਚਿੜੀ ਤੇ ਸੀਪੀਆਈ ਤੋਂ ਸੁਖਪਾਲ ਸਿੰਘ ਹੁੰਦਲ ਮੌਜੂਦ ਸਨ।