nabaz-e-punjab.com

ਪੰਜਾਬ ਦੇ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਭੂਗੋਲ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ

ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਭੇਜੇ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਮਈ:
ਪੰਜਾਬ ਦੇ ਲਗਪਗ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਭੂਗੋਲ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਹਨ। ਇਸ ਸਬੰਧੀ ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਮੁੱਖ ਸਿੱਖਿਆ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਅਤੇ ਡੀਪੀਆਈ ਤੇਜਦੀਪ ਸਿੰਘ ਸੈਣੀ ਨੂੰ ਈ-ਮੇਲ ਅਤੇ ਰਜਿਸਟਰਡ ਡਾਕ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਭੂਗੋਲ ਵਿਸ਼ੇ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ।
ਅੱਜ ਇੱਥੇ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਨੇ ਕਿਹਾ ਕਿ ਜੌਗਰਫ਼ੀ ਲੈਕਚਰਾਰਾਂ ਦਾ ਪ੍ਰਬੰਧ ਕਰਨ, ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਜੌਗਰਫ਼ੀ ਲੈਕਚਰਾਰਾਂ ਦੀਆਂ ਮਨਜ਼ੂਰਸ਼ੁਦਾ 357 ਸਾਰੀਆਂ ਆਸਾਮੀਆਂ ਨੂੰ ਈ-ਪੰਜਾਬ ਪੋਟਰਲ ’ਤੇ ਦਰਸਾਉਣ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ, ਪਦ-ਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਆਸਾਮੀਆਂ ਨੂੰ ਭਰਨ, ਭੂਗੋਲ (ਜੌਗਰਫ਼ੀ) ਵਿਸ਼ੇ ਦੀ ਲੈਬ ਸਕੂਲਾਂ ਵਿੱਚ ਸਥਾਪਿਤ ਕਰਨ ਸਮੇਤ ਅਪਗਰੇਡ ਕੀਤੇ 117 ‘ਐਮੀਨੈੱਸ ਸਕੂਲਾਂ’ ਲਈ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਜਾਵੇ।
ਆਗੂਆਂ ਨੇ ਦੱਸਿਆ ਕਿ ਮੌਜ਼ੂਦਾ ਸਮੇਂ ਪੰਜਾਬ ਦੇ 2026 ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰਾਂ ਦੀਆਂ ਮਨਜ਼ੂਰਸ਼ੁਦਾ 13252 ਆਸਾਮੀਆਂ ’ਚੋਂ ਜੌਗਰਫ਼ੀ ਦੀਆਂ ਸਿਰਫ਼ 357 ਆਸਾਮੀਆਂ ਹੀ ਮਨਜ਼ੂਰ ਹਨ। ਇਨ੍ਹਾਂ ’ਚੋਂ ਵੀ 130 ਅਸਾਮੀਆਂ ਖਾਲੀ ਹਨ। ਜਿਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ’ਤੇ ਦਰਸਾਇਆ ਹੀ ਨਹੀਂ ਜਾਂਦਾ। ਜਿਸ ਕਾਰਨ 1800 ਸਕੂਲਾਂ ਦੇ ਵਿਦਿਆਰਥੀ ਇਸ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ 2016 ਵਿੱਚ ਅਪਗਰੇਡ ਕੀਤੇ ਸਕੂਲਾਂ ਵਿੱਚ 2018 ਵਿੱਚ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਸੀ, ਉਦੋਂ ਲੈ ਕੇ ਹੀ ਹੁਣ ਤੱਕ ਇਨ੍ਹਾਂ ਅਸਾਮੀਆਂ ਨੂੰ ਪੋਰਟਲ ’ਤੇ ਦਿਖਾਇਆ ਹੀ ਨਹੀਂ ਗਿਆ। ਇਨ੍ਹਾਂ ਨੂੰ ਨਾ ਤਾਂ ਸਿੱਧੀ ਭਰਤੀ ਅਤੇ ਨਾ ਹੀ ਤਰੱਕੀਆਂ ਰਾਹੀਂ ਭਰਿਆ ਗਿਆ ਹੈ, ਜਿਸ ਕਾਰਨ ਸਬੰਧਤ ਸਕੂਲਾਂ ਦੇ ਵਿਦਿਆਰਥੀ ਜੌਗਰਫੀ ਵਿਸ਼ੇ ਸਮੇਤ ਕੁੱਲ ਜ਼ਰੂਰੀ ਪੰਜ ਵਿਸ਼ੇ ਵੀ ਨਹੀਂ ਪੜ੍ਹ ਪਾਉਂਦੇ।
ਦਿਲਬਾਗ ਸਿੰਘ ਲਾਪਰਾਂ, ਭੁਪਿੰਦਰ ਸਿੰਘ ਮਾਨ ਸੰਗਰੂਰ, ਨਰੇਸ਼ ਸਲੂਜਾ, ਜਸਵਿੰਦਰ ਸਿੰਘ ਸੰਧੂ, ਚਮਕੌਰ ਸਿੰਘ ਮੋਗਾ, ਗੁਰਮੇਲ ਸਿੰਘ ਰਹਿਲ ਪਟਿਆਲਾ, ਸ੍ਰੀਮਤੀ ਅਮਨਦੀਪ ਕੌਰ, ਬਲਵੀਨ ਕੌਰ, ਪਰਮਜੀਤ ਸੰਧੂ ਮੁਹਾਲੀ, ਤੇਜਵੀਰ ਸਿੰਘ, ਪ੍ਰਤੀਮ ਸਿੰਘ ਮੁਕੰਦਪੁਰੀ ਲੁਧਿਆਣਾ, ਅਬਦਰ ਰਸ਼ੀਦ ਹਾਂਡਾ ਰੂਪਨਗਰ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਗਗਨਦੀਪ ਸਿੰਘ ਫ਼ਰੀਦਕੋਟ, ਅਜੇ ਕੁਮਾਰ ਫਿਰੋਜ਼ਪੁਰ ਅਤੇ ਸ਼ੰਕਰ ਲਾਲ ਬਠਿੰਡਾ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਖਾਲੀ ਤੇ ਮਨਜ਼ੂਰਸ਼ੁਦਾ 130 ਆਸਾਮੀਆਂ ਨੂੰ ਤੁਰੰਤ ਈ-ਪੰਜਾਬ ਪੋਰਟਲ ਉੱਤੇ ਦਰਸਾ ਕੇ ਪਦਉੱਨਤੀਆਂ ਅਤੇ ਸਿੱਧੀ ਭਰਤੀ ਰਾਹੀਂ ਭਰਿਆ ਜਾਵੇ ਤਾਂ ਜੋ ਵਿਦਿਆਰਥੀ ਆਪਣਾ ਮਨਭਾਉਂਦਾ ਵਿਸ਼ਾ ਪੜ੍ਹ ਸਕਣ ਅਤੇ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕ ਆਪਣੀਆਂ ਬਦਲੀਆਂ ਖਾਲੀ ਅਸਾਮੀਆਂ ’ਤੇ ਕਰਵਾ ਸਕਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …