ਕਰੋਨਾ ਵਾਇਰਸ: ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ 185 ਯਾਤਰੀਆਂ ਦੀ ਜਾਂਚ

ਕੌਮਾਂਤਰੀ ਉਡਾਣਾਂ ਦੇ ਯਾਤਰੀਆਂ ਦੀ ਸੁਵਿਧਾ ਲਈ ‘ਹੈਲਪ ਡੈਸਕ’ ਸਥਾਪਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
‘ਕੋਰੋਨਾ’ ਵਾਇਰਸ ਦੇ 6 ਸ਼ੱਕੀ ਮਰੀਜ਼ ਜਿਨ੍ਹਾਂ ਦੇ ਸੈਂਪਲ ਸਨਿਚਰਵਾਰ ਨੂੰ ਪੁਣੇ ਦੀ ਲੈਬ ਵਿੱਚ ਭੇਜੇ ਗਏ ਸਨ, ਬਿਲਕੁਲ ਤੰਦਰੁਸਤ ਹਨ ਕਿਉਂਕਿ ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਪੁਣੇ ਤੋਂ ਮਿਲੀ ਰੀਪੋਰਟ ਦੇ ਹਵਾਲੇ ਨਾਲ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਾਸੀ ਇਨ੍ਹਾਂ ਛੇ ਸ਼ੱਕੀ ਮਰੀਜ਼ਾਂ ’ਚੋਂ ਦੋ ਵਿਦਿਆਰਥੀ ਹਨ। ਇਹ ਸਾਰੇ 15 ਜਨਵਰੀ ਮਗਰੋਂ ਚੀਨ ਗਏ ਸਨ। ਜਿਸ ਕਾਰਨ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਇਨ੍ਹਾਂ ਅੰਦਰ ਕਰੋਨਾਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ ਦੱਸਿਆ ਸੀ ਪਰ ਫਿਰ ਵੀ ਸਾਵਧਾਨੀ ਵਜੋਂ ਉਨ੍ਹਾਂ ਨੂੰ ਘਰ ਵਿੱਚ ਅਲੱਗ ਰਹਿਣ ਅਤੇ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਸੀ।
ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਚਾਰ ਹੋਰ ਨੌਜਵਾਨਾਂ ਦੇ ਸੈੈਂਪਲ ਪੁਣੇ ਦੀ ਲੈਬ ਵਿਚ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਹੈ। ਇਹ ਸਾਰੇ ਕਿਸੇ ਕੰਪਨੀ ਦੇ ਮੁਲਾਜ਼ਮ ਹਨ ਅਤੇ ਕੰਪਨੀ ਟੂਰ ’ਤੇ 15 ਜਨਵਰੀ ਤੋਂ ਬਾਅਦ ਚੀਨ ਗਏ ਸਨ ਅਤੇ ਸੱਤ ਦਿਨ ਉਥੇ ਠਹਿਰਣ ਮਗਰੋਂ ਵਾਪਸ ਆ ਗਏ ਸਨ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਅੰਤਰਰਾਸ਼ਟਰੀ ਏਅਰਪੋਰਟ ਮੁਹਾਲੀ ਵਿਖੇ ਮੁਸਾਫ਼ਰਾਂ ਦਾ ਲਗਾਤਾਰ ਮੁਆਇਨਾ ਕਰ ਰਹੀ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਦੀ ਅਗਵਾਈ ਵਿੱਚ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਵੀ ਸ਼ਾਰਜਾਹ ਤੋਂ ਆਉਣ ਵਾਲੀ ‘ਏਅਰ ਇੰਡੀਆ ਐਕਸਪ੍ਰੈਸ’ ਫਲਾਈਟ ਦੇ ਸਾਰੇ 185 ਯਾਤਰੀਆਂ ਦਾ ਮੁਆਇਨਾ ਕੀਤਾ। ਜਿਨ੍ਹਾਂ ’ਚੋਂ ਕਿਸੇ ਅੰਦਰ ਵੀ ਕਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕੀਤੀ ਤੇ ਕੋਈ ਵੀ ਯਾਤਰੀ ਬੁਖ਼ਾਰ, ਖੰਘ, ਜ਼ੁਕਾਮ ਤੋਂ ਪੀੜਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਹਵਾਈ ਅੱਡੇ ’ਤੇ ਕੌਮੀ ਉਡਾਣਾਂ ਦੇ ਮੁਸਾਫ਼ਰਾਂ ਲਈ ਵੀ ‘ਡੋਮੈਸਟਿਕ ਅਰਾਈਵਲਜ਼’ ਖੇਤਰ ਵਿੱਚ ‘ਹੈਲਪ ਡੈਸਕ’ ਬਣਾ ਦਿਤਾ ਹੈ। ਕਰੋਨਾਵਾਇਰਸ ਬਾਰੇ ਜਾਣਕਾਰੀ ਲੈਣ ਜਾਂ ਜਾਂਚ ਕਰਾਉਣ ਦਾ ਚਾਹਵਾਨ ਕੋਈ ਵੀ ਯਾਤਰੀ ਉੱਥੇ ਆ ਕੇ ਕੇ ਮਦਦ ਲੈ ਸਕਦਾ ਹੈ। ਜਿੱਥੇ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਭਾਰਤ ਵਿੱਚ ਇਸ ਬਿਮਾਰੀ ਦੇ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸ ਲਈ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ। ਮੈਡੀਕਲ ਟੀਮ ਵਿੱਚ ਮੈਡੀਸਨ ਮਾਹਰ ਡਾ. ਪੁਨੀਤ, ਸਟਾਫ਼ ਨਰਸ ਸੁਖਚੈਨ ਕੌਰ ਤੇ ਹਰਸਿਮਰਤ ਕੌਰ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …