nabaz-e-punjab.com

ਡਰੱਗ ਮਾਮਲਾ: ਅਰਵਿੰਦ ਕੇਜਰੀਵਾਲ ਦੀ ਘੁਰਕੀ ਤੋਂ ਬਾਅਦ ਸੁਖਪਾਲ ਖਹਿਰਾ ਦੀ ਪਿੱਠ ’ਤੇ ਆਏ 19 ਵਿਧਾਇਕ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਘੁਰਕੀ ਤੋਂ ਬਾਅਦ ਜਿੱਥੇ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਅਮਨ ਅਰੋੜ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਸੀ ਮਤਭੇਦ ਭੁਲਾ ਕੇ ਸਿਰ ਜੋੜ ਲਏ ਹਨ। ਉੱਥੇ ਹੁਣ ਪੰਜਾਬ ਦੇ 19 ਆਪ ਵਿਧਾਇਕ ਵੀ ਸ੍ਰੀ ਖਹਿਰਾ ਨਾਲ ਡੱਟ ਕੇ ਖੜੇ ਹੋ ਗਏ ਹਨ।
ਅੱਜ ਇੱਥੇ ਇੱਕ ਬਿਆਨ ਜਾਰੀ ਕਰਦੇ ਹੋਏ ਆਮ ਅਦਮੀ ਪਾਰਟੀ ਦੇ ਵਿਧਾਇਕਾਂ ਐਚ.ਐਸ. ਫੁਲਕਾ, ਅਮਨ ਅਰੋੜਾ, ਕੰਵਰ ਸੰਧੂ, ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਸਰਬਜੀਤ ਕੌਰ, ਨਾਜ਼ਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਗੁਰਮੀਤ ਹੇਅਰ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਅਮਰਜੀਤ ਸਿੰਘ ਸਦੋਆ, ਜਗਤਾਰ ਸਿੰਘ ਹੀਸੋਵਾਲ, ਪੀਰਮਲ ਸਿੰਘ ਖਾਲਸਾ, ਕੁਲਵਿੰਦਰ ਸਿੰਘ ਪੰਡੋਰੀ, ਜੇ ਕਿਸ਼ਨ ਸਿੰਘ ਰੋਹੀ, ਮਨਜੀਤ ਸਿੰਘ ਬਿਲਾਸਪੁਰ ਅਤੇ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਡੱਟ ਕੇ ਖੜੇ ਹੋਣ ਦਾ ਐਲਾਨ ਕੀਤਾ ਅਤੇ ਡਰੱਗ ਮਾਮਲੇ ਵਿੱਚ ਉਹਨਾਂ ਨੂੰ ਸੰਮਨ ਕੀਤੇ ਜਾਣ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਆਪ ਦੇ ਵਿਧਾਇਕਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ, ਬੇਇਨਸਾਫ਼ੀ ਅਤੇ ਵੱਖ ਵੱਖ ਤਰ੍ਹਾਂ ਦੇ ਮਾਫੀਆ ਨਾਲ ਲੜ ਰਹੇ ਸ੍ਰੀ ਖਹਿਰਾ ਦੀਆਂ ਯੋਗਤਾਵਾਂ ਉੱਪਰ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ। ਵਿਧਾਇਕਾਂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਉਹਨਾਂ ਦੇ ਹਮਲਿਆਂ ਦੀ ਮਾਰ ਨਾ ਝੇਲਦੇ ਹੋਏ ਉਹਨਾਂ ਦੇ ਖ਼ਿਲਾਫ਼ ਛੇ ਕੇਸ ਦਰਜ ਕੀਤੇ ਗਏ ਜੋ ਕਿ ਕਾਨੂੰਨੀ ਪ੍ਰਕਿਰਿਆ ਵਿੱਚ ਝੂਠੇ ਸਾਬਿਤ ਹੋਏ ਹਨ।
ਆਪ ਦੇ ਵਿਧਾਇਕਾਂ ਨੇ ਕਿਹਾ ਕਿ ਸ੍ਰੀ ਖਹਿਰਾ ਉੱਤੇ ਥੋਪੇ ਗਏ ਤਾਜ਼ਾ ਡਰੱਗ ਮਾਮਲੇ ਦੀ ਸ਼ੁਰੂਆਤ ਬਾਦਲ ਸਰਕਾਰ ਨੇ ਮਾਰਚ 2015 ਵਿੱਚ ਕੀਤੀ ਸੀ। ਜਿਸ ਨੇ ਕਿ ਆਈ.ਜੀ.ਪੀ ਬਠਿੰਡਾ ਜ਼ੋਨ ਦੀ ਅਗਵਾਈ ਵਿੱਚ ਸਪੈਸ਼ਲ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਸੀ ਅਤੇ ਸ੍ਰੀ ਖਹਿਰਾ ਨੂੰ ਉਕਤ ਡਰੱਗ ਮਾਮਲੇ ਵਿੱਚ ਫਸਾਉਣ ਦੀ ਪੂਰੀ ਵਾਹ ਲਗਾਈ ਸੀ। ਸਿੱਟ ਖਹਿਰਾ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਲੱਭ ਸਕੀ, ਨਾ ਹੀ ਡਰੱਗ ਮਾਮਲੇ ਦੀ ਕੇਸ ਵਿੱਚ ਉਹਨਾਂ ਦਾ ਨਾਮ ਆਇਆ ਅਤੇ ਨਾ ਹੀ ਕਿਸੇ ਗਵਾਹ ਨੇ ਟਰਾਇਲ ਦੌਰਾਨ ਉਹਨਾਂ ਦਾ ਨਾਮ ਲਿਆ। ਇਹ ਉਦੋ ਹੋਇਆ ਜਦ ਕੈਪਟਨ ਸਰਕਾਰ ਨੇ ਇੱਕ ਐਸ.ਪੀ ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਉੱਤੇ ਸਤੰਬਰ 2017 ਵਿੱਚ ਮੁੜ ਪੇਸ਼ ਹੋਣ ਲਈ ਦਬਾਅ ਪਾਇਆ ਅਤੇ ਸ੍ਰੀ ਖਹਿਰਾ ਉੱਤੇ ਦੋਸ਼ ਲਗਾਉਣ ਲਈ ਆਖਿਆ।
ਵਿਧਾਇਕਾਂ ਨੇ ਕਿਹਾ ਕਿ ਇਹੀ ਅਫਸਰ ਪਹਿਲਾਂ ਵੀ ਟਰਾਇਲ ਕੋਰਟ ਵਿੱਚ ਪੇਸ਼ ਹੋਏ ਸਨ ਪਰੰਤੂ ਕਦੇ ਵੀ ਖਹਿਰਾ ਦਾ ਨਾਮ ਨਹੀਂ ਲਿਆ। ਆਮ ਆਦਮੀ ਪਾਰਟੀ ਵਿਧਾਇਕਾਂ ਨੇ ਕਿਹਾ ਕਿ ਫਾਜਿਲਕਾ ਦੇ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਵੱਲੋਂ ਦਾਇਰ ਕੀਤੀ ਤਾਜ਼ਾ ਅਰਜੀ ਵਿੱਚ ਖਹਿਰਾ ਅਤੇ ਇੱਕ ਦੋਸ਼ੀ ਦਰਮਿਆਨ ਹੋਈ ਗੱਲ ਦਾ ਪੇਸ਼ ਕੀਤਾ ਗਿਆ ਕਾਲ ਰਿਕਾਰਡ ਗਲਤ, ਫਰਜ਼ੀ ਅਤੇ ਝੂਠਾ ਹੈ ਅਤੇ ਨਾ ਹੀ ਇੰਡੀਅਨ ਐਵੀਡੈਂਸ ਐਕਟ ਦੇ ਅਨੁਸਾਰ ਹੈ, ਇਸ ਲਈ ਕਾਨੂੰਨ ਦੀਆਂ ਨਜ਼ਰਾਂ ਵਿੱਚ ਨਾ ਸਵੀਕਾਰਯੋਗ ਹੈ। ਆਮ ਆਦਮੀ ਪਾਰਟੀ ਵਿਧਾਇਕਾਂ ਨੇ ਕਿਹਾ ਕਿ ਖਹਿਰਾ ਦੇ ਅਕਸ ਨੂੰ ਤਬਾਹ ਕਰਨ ਵਿੱਚ ਦੋਨੋਂ ਹੀ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਆਪਣ ਵਿੱਚ ਰਲੇ ਹੋਏ ਹਨ ਕਿਉਂਕਿ ਉਹ ਦੋਨੋਂ ਹੀ ਪਾਰਟੀਆਂ ਦੇ ਗਲਤ ਕੰਮਾਂ ਅਤੇ ਭ੍ਰਿਸ਼ਟ ਲੀਡਰਾਂ ਦਾ ਖੁਲਾਸਾ ਕਰਦੇ ਹਨ। ਪਾਰਟੀ ਵਿਧਾਇਕਾਂ ਨੇ ਕਿਹਾ ਕਿ ਆਪਣੀ ਪ੍ਰੋਸੀਕਿਊਸ਼ਨ ਅਤੇ ਉਕਤ ਪੁਲਿਸ ਅਫਸਰਾਂ ਦੇ ਰਾਹੀਂ ਖਹਿਰਾ ਨੂੰ ਡਰੱਗ ਮਾਮਲੇ ਵਿੱਚ ਫਸਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸਾਜਿਸ਼ ਹੈ।
ਪਾਰਟੀ ਵਿਧਾਇਕਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਲਿ਼ਆਉਂਦਾ ਜਾਵੇਗਾ ਤਾਂ ਖਹਿਰਾ ਇਸ ਮਾਮਲੇ ਵਿੱਚ ਸਾਫ਼ ਉੱਭਰ ਕੇ ਸਾਹਮਣੇ ਆਉਣਗੇ। ਪਾਰਟੀ ਵਿਧਾਇਕਾਂ ਨੇ ਕਿਹਾ ਕਿ ਜਲਦ ਹੀ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰਾਂ ਨੂੰ ਮੁਆਫ਼ੀ ਮੰਗਣੀ ਪਵੇਗੀ ਕਿਉਂਕਿ ਮਾਮਲਾ ਪੂਰੀ ਤਰ੍ਹਾਂ ਨਾਲ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਆਮ ਆਦਮੀ ਪਾਰਟੀ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਖਹਿਰਾ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੇ ਸੁਖਬੀਰ ਬਾਦਲ ਅਤੇ ਹੋਰਨਾਂ ਕਾਂਗਰਸੀ ਆਗੂਆਂ ਦੀ ਨਿੰਦਾ ਕੀਤੀ। ਉਹਨਾਂ ਹੈਰਾਨੀ ਜਤਾਈ ਕਿ ਇਹ ਆਗੂ ਖਹਿਰਾ ਦੇ ਅਸਤੀਫੇ ਦੀ ਕਿਵੇਂ ਮੰਗ ਕਰ ਸਕਦੇ ਹਨ ਜਦਕਿ ਸੁਖਬੀਰ ਬਾਦਲ ਕੋਟਕਪੂਰਾ ਦੇ ਇੱਕ ਫੋਟੋਗ੍ਰਾਫਰ ਨੂੰ ਕੁੱਟਣ ਦੇ ਮਾਮਲੇ ਵਿੱਚ ਧਾਰਾ 307 ਦੇ ਤਹਿਤ ਅਪਰਾਧਿਕ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਭ੍ਰਿਸ਼ਟਾਚਾਰ ਦੇ ਦੋ ਅਹਿਮ ਮਸਲਿਆਂ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇਮਪਰੂਵਮੈਂਟ ਟਰੱਸਟ ਸਕੈਂਡਲਾਂ ਵਿੱਚ ਟਰਾਇਲ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਅਸਤੀਫ਼ਾ ਦੇਣ ਅਤੇ ਖਹਿਰਾ ਅਸਤੀਫ਼ਾ ਦੇਣ ਵਿੱਚ ਇੱਕ ਮਿੰਟ ਵੀ ਨਹੀਂ ਲਗਾਉਣਗੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…