Share on Facebook Share on Twitter Share on Google+ Share on Pinterest Share on Linkedin ਮੁਹਾਲੀ ਜ਼ਿਲ੍ਹੇ ਵਿੱਚ 19 ਪੋਲਿੰਗ ਸਟੇਸ਼ਨ ਵਧਾਏ, ਇਮਾਰਤਾਂ ਵੀ ਬਦਲੀਆਂ ਪੋਲਿੰਗ ਸਟੇਸ਼ਨਾਂ ਦੀ ਰੈਸਨਾਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ: ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2025 ਮੁਹਿੰਮ ਤਹਿਤ ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਦੇ ਪੋਲਿੰਗ ਸਟੇਸ਼ਨਾਂ ਦੀ ਰੈਸਨਾਲਾਈਜੇਸ਼ਨ ਸਬੰਧੀ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐੱਸ ਤਿੜਕੇ ਨੇ ਅੱਜ ਸਮੂਹ ਮਾਨਤਾ ਪ੍ਰਾਪਤ ਸਿਆਸੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਪੋਲਿੰਗ ਬੂਥ ’ਤੇ 1500 ਤੋਂ ਵੱਧ ਵੋਟਰ ਨਹੀਂ ਹੋਣ ਚਾਹੀਦੇ। ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਸੱਤ, ਖਰੜ ਵਿੱਚ 9 ਅਤੇ ਡੇਰਾਬੱਸੀ ਵਿੱਚ 3 ਪੋਲਿੰਗ ਸਟੇਸ਼ਨ ਵਧਾਏ ਗਏ ਹਨ ਅਤੇ ਇਨ੍ਹਾਂ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੀ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਵੀ ਬਦਲੀਆਂ ਗਈਆਂ ਹਨ। ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਵੇਂ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਦੀ ਕਾਪੀ ਅਤੇ ਵੋਟਰ ਸੂਚੀ ਸਾਲ 2025 ਦੇ ਪ੍ਰੋਗਰਾਮ ਦੀ ਕਾਪੀ ਵੀ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਵੱਖ-ਵੱਖ ਸਿਆਸੀ ਆਗੂਆਂ ਨੂੰ ਪੋਲਿੰਗ ਸਟੇਸ਼ਨਾਂ ਸਬੰਧੀ ਆਪਣਾ ਦਾਅਵਾ ਜਾਂ ਇਤਰਾਜ਼ ਅਗਲੇ ਦੋ ਦਿਨਾਂ ਦੇ ਅੰਦਰ-ਅੰਦਰ ਦੇਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਰਾਜਸੀ ਪਾਰਟੀਆਂ ਨੂੰ ਹਰੇਕ ਪੋਲਿੰਗ ਬੂਥ ’ਤੇ ਆਪੋ-ਆਪਣਾ ਬੀਐਲਏ ਲਗਾਉਣ ਲਈ ਵੀ ਕਿਹਾ ਗਿਆ ਹੈ। ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵੀਂ ਵੋਟ ਲਈ ਫਾਰਮ ਨੰਬਰ-6, ਵੋਟ ਕੱਟਣ ਲਈ ਫਾਰਮ ਨੰਬਰ-7, ਦਰੁਸਤੀ/ਸ਼ਿਫ਼ਟਿੰਗ/ਪੀ.ਡਬਲਿਊ.ਡੀ ਮਾਰਕਿੰਗ/ਡੁਪਲੀਕੇਟ ਵੋਟਰ ਕਾਰਡ ਅਪਲਾਈ ਕਰਨ ਲਈ ਫਾਰਮ ਨੰਬਰ-8 ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in ਅਤੇ ਵੋਟਰ ਹੈਲਪਲਾਈਨ ਐਪ ’ਤੇ ਭਰਿਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੱਪੜਚਿੜੀ, ਆਮ ਆਦਮੀ ਪਾਰਟੀ ਦੇ ਵਲੰਟੀਅਰ ਬਹਾਦਰ ਸਿੰਘ, ਭਾਜਪਾ ਦੇ ਡਾ. ਵਰਿੰਦਰ ਕੋਛੜ, ਸ਼੍ਰੋਮਣੀ ਅਕਾਲੀ ਦਲ ਦੇ ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ, ਚੋਣ ਕਾਨੂੰਗੋਈ ਵਰੁਣ ਗਰਗ, ਸੁਰਿੰਦਰ ਕੁਮਾਰ ਅਤੇ ਜੂਨੀਅਰ ਸਹਾਇਕ ਜਗਤਾਰ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ