nabaz-e-punjab.com

1984 ਦੰਗਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਵੱਲੋਂ ਹੋਰ ਵਾਧੂ ਮੁਆਵਜ਼ਾ ਦੇਣ ਦੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 23 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 1984 ਦੇ ਦੰਗਾ ਪੀੜਤਾਂ ਦੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਵੱਲੋਂ ਜਨਤਕ ਨੋਟਿਸ ਜਾਰੀ ਕਰਦੇ ਹੋਏ ਹੋਰ ਵਾਧੂ ਮੁਆਵਜ਼ਾ ਦੇਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਪੀੜਤਾਂ ਤੱਕ ਵਾਧੂ ਮੁਆਵਜ਼ੇ ਸਬੰਧੀ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੰਗਾ ਪੀੜਤਾਂ ਨੂੰ ਪਹਿਲਾਂ ਡਿਪਟੀ ਕਮਿਸ਼ਨਰ (ਮਾਲ), ਦਿੱਲੀ ਸਰਕਾਰ ਵੱਲੋਂ ਸਾਢੇ 3 ਲੱਖ ਰੁਪਏ ਮੁਆਵਜ਼ਾ ਮਿਲਿਆ ਸੀ, ਉਹ ਹੁਣ 5 ਲੱਖ ਤੱਕ ਹੋਰ ਵਾਧੂ ਮੁਆਵਜ਼ਾ ਲੈਣ ਲਈ ਤੁਰੰਤ ਸਬੰਧਤ ਦਫ਼ਤਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ।
ਉਧਰ, 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਦਿੱਲੀ ਸਰਕਾਰ ਵੱਲੋਂ ਦੰਗਾ ਪੀੜਤ ਪਰਿਵਾਰਾਂ ਨੂੰ ਹੋਰ ਵਾਧੂ ਮੁਆਵਜ਼ਾ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਨਾਲ ਹੀ ਕਿਹਾ ਕਿ ਦੰਗ ਪੀੜਤ ਪਰਿਵਾਰ ਪਿਛਲੇ ਕਰੀਬ 39 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਆ ਰਹੇ ਹਨ ਲੇਕਿਨ ਸਮੇਂ ਦੀਆਂ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੱਸਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਦੇ ਗੁਰੂ-ਘਰਾਂ ਵਿੱਚ ਸਾਂਝੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਣ ਅਤੇ ਸਿੱਖਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸਿਆਸੀ ਆਗੂਆਂ ਖ਼ਿਲਾਫ਼ ਘੱਟੋ-ਘੱਟ ਫਾਂਸੀ ਦੀ ਸਜ਼ਾ ਦੀ ਗੁਹਾਰ ਲਗਾਈ ਜਾਵੇ। ਉਨ੍ਹਾਂ ਇੱਥੋਂ ਦੇ ਫੇਜ਼-6 ਸਥਿਤ ਪੈਟਰੋਲ ਪੰਪ ਦੇ ਸਾਹਮਣੇ ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਂ ਜ਼ਮੀਨ ਸਟਰੀਟ ਵੈਂਡਿੰਗ ਜ਼ੋਨ ਲਈ ਅਲਾਟ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਉਕਤ ਜ਼ਮੀਨ ਦੰਗਾ ਪੀੜਤਾਂ ਨੂੰ ਆਪਣੇ ਕਾਰੋਬਾਰ ਕਰਨ ਲਈ ਅਲਾਟ ਕੀਤੀ ਜਾਵੇ। ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਆ ਕੇ ਵਸੇ ਬਾਕੀ ਰਹਿੰਦੇ ਪੀੜਤ ਪਰਿਵਾਰਾਂ ਨੂੰ ਫੌਰੀ ਮਕਾਨ ਅਲਾਟ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 11 ਫਰ…