1994 ਬੈਚ ਦੇ ਯੂਪੀਐਸਸੀ ਟਾਪਰ ਧਰਮਿੰਦਰ ਸ਼ਰਮਾ ਨੇ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ ਸੰਭਾਲਿਆ
ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ, ਜਲਗਾਹਾਂ ਦੀ ਸਾਂਭ-ਸੰਭਾਲ, ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਹੋਕਾ ਦਿੱਤਾ ਜਾਵੇਗਾ: ਸ਼ਰਮਾ
ਛੱਤਬੀੜ ਚਿੜੀਆਘਰ ਦਾ ਮਾਸਟਰ ਪਲਾਨ ਤੇ ਫਿਰੋਜ਼ਪੁਰ ਡਵੀਜ਼ਨ ਦੀ ਕਾਰਜ ਯੋਜਨਾ ਕੀਤੀ ਸੀ ਤਿਆਰ
ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
1994 ਬੈਚ ਦੇ ਯੂਪੀਐਸਸੀ ਟਾਪਰ ਧਰਮਿੰਦਰ ਸ਼ਰਮਾ ਨੇ ਅੱਜ ਮੁਹਾਲੀ ਦੇ ਸੈਕਟਰ-68 ਸਥਿਤ ਵਣ ਭਵਨ ਵਿਖੇ ਪ੍ਰਮੁੱਖ ਮੁੱਖ ਵਣਪਾਲ ਪੰਜਾਬ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਉਹ ਅਗਲੀ ਨਿਯੁਕਤੀ ਹੋਣ ਤੱਕ ਪੀਸੀਸੀਐਫ਼ ਵਾਇਲਡ ਲਾਈਫ਼ ਅਤੇ ਚੀਫ਼ ਵਾਇਲਡ ਲਾਈਫ਼ ਵਾਰਡਨ ਪੰਜਾਬ ਦਾ ਅਹੁਦਾ ਵੀ ਸੰਭਾਲਣਗੇ। ਇਸ ਮੌਕੇ ਧਰਮਿੰਦਰ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਉਨ੍ਹਾਂ ਦੀ ਕਾਬਲੀਅਤ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣਾ, ਜਲਗਾਹਾਂ ਦੀ ਸੁਚੱਜੀ ਸਾਂਭ-ਸੰਭਾਲ, ਸੂਬੇ ਵਿੱਚ ਹਰਿਆਵਲ ਹੇਠਲੇ ਵਿੱਚ ਵਾਧਾ ਕਰਨ ਲਈ ਠੋਸ ਕਦਮ ਚੁੱਕਣ ਅਤੇ ਸਥਾਨਕ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਜੁਲਾਈ 2025 ਵਿੱਚ ਹੋਣ ਵਾਲਾ ‘ਵਣ ਮਹਾਂਉਤਸਵ’ ਇੱਕ ਵਿਲੱਖਣ ਸਮਾਗਮ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਬਰਕਰਾਰ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਜ਼ਿਕਰਯੋਗ ਹੈ ਕਿ ਧਰਮਿੰਦਰ ਸ਼ਰਮਾ 1994 ਭਾਰਤੀ ਜੰਗਲਾਤ ਸੇਵਾ (ਆਈਐਫ਼ਐਸ) ਬੈਚ ਦੇ ਯੂਪੀਐਸਸੀ ਟਾਪਰ ਹਨ ਅਤੇ ਆਪਣੇ ਸਿੱਖਿਆ ਅਤੇ ਤਜਰਬੇ ਸਦਕਾ ਉਹ ਇੱਕ ਜੰਗਲਾਤਕਾਰ, ਇੱਕ ਬਨਸਪਤੀ ਵਿਗਿਆਨੀ ਅਤੇ ਇੱਕ ਕੁਦਰਤੀ ਸਰੋਤ ਪ੍ਰਬੰਧਕ ਵੀ ਹਨ।
ਉਨ੍ਹਾਂ ਨੇ ਪਲਾਂਟ ਸਾਇੰਸਜ਼ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ ਕਰੈਨਫੀਲਡ ਯੂਨੀਵਰਸਿਟੀ, ਯੂਕੇ ਤੋਂ ਮਾਰਸ਼ਲ ਪੈਪਵਰਥ ਸਕਾਲਰਸ਼ਿਪ ’ਤੇ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਕੀਤੀ। ਇਸ ਤੋਂ ਇਲਾਵਾ ਸ਼ਰਮਾ ਨੇ ਯੂਕੇ, ਫਿਨਲੈਂਡ ਦੀਆਂ ਯੂਨੀਵਰਸਿਟੀਆਂ ਅਤੇ ਯੇਲ ਯੂਨੀਵਰਸਿਟੀ, ਯੂਐਸਏ ਤੋਂ ਜੰਗਲਾਤ ਅਤੇ ਸਬੰਧਤ ਸਾਇੰਸ ਵਿੱਚ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਅਤੇ ਉੱਚ ਪੱਧਰ ’ਤੇ ਵੱਖ-ਵੱਖ ਅਹੁਦਿਆਂ ’ਤੇ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਪੰਜਾਬ ਦੀ ਰਾਜ ਜੰਗਲਾਤ ਖੋਜ ਯੋਜਨਾ ਤਿਆਰ ਕਰਨਾ ਵੀ ਸ਼ਾਮਲ ਹੈ, ਬਾਅਦ ਵਿੱਚ ਇਸ ਯੋਜਨਾ ਨੇ 1999 ਵਿੱਚ ਉਸ ਸਮੇਂ ਦੇ ਜੇਆਈਸੀਏ (ਜਾਪਾਨ) ਪ੍ਰਾਜੈਕਟ ਤਹਿਤ ਖੋਜ ਪ੍ਰਾਜੈਕਟਾਂ ਨੂੰ ਦਿਸ਼ਾ ਪ੍ਰਦਾਨ ਕੀਤੀ। ਉਸੇ ਸਾਲ, ਜੰਗਲਾਤ ਗਾਰਡਾਂ ਲਈ ਇੱਕ ਪੇਸ਼ੇਵਰ ਸਿਖਲਾਈ ਕੋਰਸ ਕਰਵਾਇਆ ਗਿਆ।
ਸਾਲ 2000 ਵਿੱਚ ਫਿਰੋਜ਼ਪੁਰ ਵਣ ਮੰਡਲ ਦਾ ‘‘ਵਰਕਿੰਗ ਪਲਾਨ’’ (ਇੱਕ ਉੱਚ ਪੱਧਰੀ ਤਕਨੀਕੀ ਦਸਤਾਵੇਜ਼) ਤਿਆਰ ਕਰਨ ਤੋਂ ਇਲਾਵਾ ਸ਼ਰਮਾ ਨੇ ਫ਼ੀਲਡ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਸਮੇਂ ਸਾਲ 2006-09 ਦੌਰਾਨ ਛੱਤਬੀੜ ਚਿੜੀਆਘਰ ਦਾ ‘‘ਮਾਸਟਰ ਪਲਾਨ’’ ਵੀ ਤਿਆਰ ਕੀਤਾ। ਇਹ ਭਾਰਤ ਦਾ ਪਹਿਲਾ ਦਸਤਾਵੇਜ਼ ਸੀ ਅਤੇ ਕੇਂਦਰੀ ਚਿੜੀਆਘਰ ਅਥਾਰਟੀ ਭਾਰਤ ਸਰਕਾਰ ਵੱਲੋਂ ਇਸ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਇਹ ਦਸਤਾਵੇਜ਼ ਉਦੋਂ ਤੋਂ ਚਿੜੀਆਘਰ ਵਿੱਚ ਚੱਲ ਰਹੇ ਸਾਰੇ ਵਿਕਾਸ ਦਾ ਮਾਰਗ-ਦਰਸ਼ਨ ਕਰ ਰਿਹਾ ਹੈ।
ਇਸ ਮੌਕੇ ਮੁੱਖ ਵਣ ਕੰਜ਼ਰਵੇਟਰ (ਜੰਗਲੀ ਜੀਵ) ਸਤੇਂਦਰ ਸਾਗਰ, ਵਣ ਕੰਜ਼ਰਵੇਟਰ (ਯੋਜਨਾਬੰਦੀ) ਵਿਸ਼ਾਲ ਚੌਹਾਨ, ਆਨਰੇਰੀ ਵਾਈਲਡ ਲਾਈਫ ਵਾਰਡਨ (ਪਟਿਆਲਾ) ਅਮਰਜੀਤ ਸਿੰਘ ਚੌਹਾਨ, ਪ੍ਰਬੰਧਕੀ ਅਧਿਕਾਰੀ ਰਜਿੰਦਰ ਸਿੰਘ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਰ ਸਨ।