300 ਗਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ 300 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਦੇਰ ਸ਼ਾਮ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕੀਤਾ। ਪੁਲੀਸ ਨੇ ਮੁਲਜ਼ਮਾਂ ਦੀ ਚਿੱਟੇ ਰੰਗ ਦੀ ਡਸਟਰ ਕਾਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਮੁੱਲਾ ਫੈਸ਼ਨ ਵਿਅਕਤੀ ਨਸ਼ੀਲਾ ਪਦਾਰਥ ਲੈ ਕੇ ਚਿੱਟੇ ਰੰਗ ਦੀ ਡਸਟਰ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਹਨ। ਜਿਨ੍ਹਾਂ ਨੇ ਖਰੜ ਅਤੇ ਕੁਰਾਲੀ ਇਲਾਕੇ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਦੇ ਐਸਪੀ (ਡੀ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ (ਡੀ) ਸੁਖਨਾਜ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਖਰੜ-ਕੁਰਾਲੀ ਸੜਕ ’ਤੇ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ’ਤੇ ਇਕ ਡਸਟਰ ਕਾਰ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਕਾਰ ਸਵਾਰਾਂ ਮਨਦੀਪ ਸਿੰਘ ਉਰਫ਼ ਮੰਨਾ ਵਾਸੀ ਛੋਟਾ ਖੇੜਾ (ਰੂਪਨਗਰ) ਅਤੇ ਗੁਰਮੁੱਖ ਸਿੰਘ ਵਾਸੀ ਪਿੰਡ ਕਿਸ਼ਨਪੁਰਾ (ਰੂਪਨਗਰ) ਕੋਲੋਂ 300 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਐਸਐਸਪੀ ਮਾਹਲ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਕੁਰਾਲੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਦੀਪ ਉਰਫ਼ ਮੰਨਾ ਅਤੇ ਗੁਰਮੁੱਖ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ। ਪੁਲੀਸ ਅਨੁਸਾਰ ਮੁਲਜ਼ਮ ਖ਼ੁਦ ਵੀ ਨਸ਼ਾ ਕਰਨ ਦੇ ਆਦੀ ਹਨ। ਪੁੱਛਗਿੱਛ ਵਿੱਚ ਉਨ੍ਹਾਂ ਨੇ ਦੱਸਿਆ ਕੇ ਉਹ ਦਿੱਲੀ ਤੋਂ ਹੈਰੋਇਨ ਸਸਤੇ ਭਾਅ ਵਿੱਚ ਲਿਆ ਕੇ ਖਰੜ ਅਤੇ ਕੁਰਾਲੀ ਏਰੀਆ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਹਨ। ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਹੈਰੋਇਨ ਸਪਲਾਈ ਦੀ ਚੈਨ ਨੂੰ ਤੋੜਿਆ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …