ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ 2 ਮੈਂਬਰੀ ਇੰਟਰ ਸਟੇਟ ਗਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਘਰਾਂ ਵਿੱਚ ਪਾੜ ਲਗਾ ਕੇ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਵੀ ਕੀਤੇ ਕਾਬੂ

ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ 2 ਮੈਂਬਰੀ ਇੰਟਰ ਸਟੇਟ ਗਰੋਹ ਅਤੇ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਕਰੀਬ ਚਾਰ ਲੱਖ ਰੁਪਏ ਦੀ ਨਗਦੀ ਸਮੇਤ ਵੱਖ-ਵੱਖ ਬੈਂਕਾਂ ਦੇ 126 ਏਟੀਐਮ, ਇੱਕ ਏਟੀਐਮ ਸਵਾਈਪ ਮਸ਼ੀਨ ਅਤੇ ਇੱਕ ਹਰਿਆਣਾ ਨੰਬਰ ਦੀ ਵੈਨਿਊ ਕਾਰ ਵੀ ਬਰਾਮਦ ਕੀਤੀ ਹੈ। ਜਿਸ ਵਿੱਚ ਸਵਾਰ ਹੋ ਕੇ ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੂਜੇ ਮਾਮਲੇ ਵਿੱਚ ਵੱਡੀ ਮਾਤਰਾ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਪਿੰਡ ਡਾਟਾ, ਥਾਣਾ ਸਦਰ ਹਾਂਸੀ (ਹਿਸਾਰ), ਕੁਲਦੀਪ ਉਰਫ਼ ਮੀਨੂੰ ਵਾਸੀ ਪਿੰਡ ਖੇੜੀ ਚੋਪਟਾ (ਹਿਸਾਰ), ਜਸਪ੍ਰੀਤ ਸਿੰਘ ਉਰਫ਼ ਸੋਨੀ ਵਾਸੀ ਪਿੰਡ ਬਾਕਰਪੁਰ (ਮੁਹਾਲੀ) ਅਤੇ ਵੀਰੂ ਵਾਸੀ ਪਿੰਡ ਪਤਰਊਆ, ਜ਼ਿਲ੍ਹਾ ਮੁਰਾਦਾਬਾਦ (ਯੂਪੀ) ਵਜੋਂ ਹੋਈ ਹੈ। ਜਸਪ੍ਰੀਤ ਸੋਨੀ ਅਤੇ ਵੀਰੂ ਦੇ ਖ਼ਿਲਾਫ਼ ਪਹਿਲਾਂ ਵੀ ਜ਼ੀਰਕਪੁਰ ਥਾਣੇ ਵਿੱਚ ਚੋਰੀ ਦਾ ਪਰਚਾ ਦਰਜ ਹੈ।
ਮੁਹਾਲੀ ਦੇ ਡੀਐਸਪੀ (ਡੀ) ਤਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 24 ਅਗਸਤ ਨੂੰ ਗੁਰਮੇਲ ਸਿੰਘ ਵਾਸੀ ਸ਼ਿਵਾਲਿਕ ਵਿਹਾਰ ਜ਼ੀਰਕਪੁਰ ਦੀ ਸ਼ਿਕਾਇਤ ’ਤੇ ਜ਼ੀਰਕਪੁਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐਨਐਸ ਦੀ ਧਾਰਾ 318(4), 61(2) 303(2), 316(2) ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੀ 18 ਅਗਸਤ ਨੂੰ ਉਹ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਲੱਕੀ ਢਾਬਾ ਪਟਿਆਲਾ ਰੋਡ ਜ਼ੀਰਕਪੁਰ ਦੇ ਏਟੀਐਮ ’ਤੇ ਪੈਸੇ ਕਢਵਾਉਣ ਲਈ ਗਿਆ ਸੀ, ਜਦੋਂ ਉਹ ਪੈਸੇ ਕਢਵਾ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਕੀ ਨਾਲ ਉਸਦਾ ਏਟੀਐਮ ਬਦਲ ਦਿੱਤਾ ਅਤੇ ਉਸਦੇ ਖਾਤੇ ’ਚੋਂ 3 ਲੱਖ 95 ਹਜ਼ਾਰ ਰੁਪਏ ਕਢਵਾ ਲਏ।
ਇਸੇ ਤਰ੍ਹਾਂ ਬੀਤੀ 23 ਸਤੰਬਰ ਨੂੰ ਜਸਵੀਰ ਸਿੰਘ ਵਾਸੀ ਐਰੋਸਿਟੀ ਬਲਾਕ-ਜੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬੀਐਨਐਸ ਦੀ ਧਾਰਾ 331(4), 305 ਤਹਿਤ ਜ਼ੀਰਕਪੁਰ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ। ਜਸਵੀਰ ਸਿੰਘ ਦੇ ਦੱਸਣ ਅਨੁਸਾਰ ਬੀਤੀ 18 ਸਤੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਸੀ। ਜਦੋਂ ਉਹ 21 ਸਤੰਬਰ ਨੂੰ ਆਪਣੇ ਘਰ ਆਇਆ ਤਾਂ ਚੋਰਾਂ ਨੇ ਉਸ ਦੇ ਘਰ ਵਿੱਚ ਪਾੜ ਲਗਾ ਕੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਡੀਐਸਪੀ ਤਲਵਿੰਦਰ ਸਿੰਘ ਨੇ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਏਟੀਐਮ ਬਦਲ ਕੇ ਠੱਗੀ ਵਾਲੇ ਇੰਟਰ ਸਟੇਟ ਗਰੋਹ ਦਾ ਪਰਦਾਫਾਸ਼ ਕਰਕੇ ਪ੍ਰਵੀਨ ਕੁਮਾਰ ਅਤੇ ਕੁਲਦੀਪ ਉਰਫ਼ ਮੀਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਆਪਸ ਵਿੱਚ ਮਿਲ ਕੇ ਵੱਖ-ਵੱਖ ਸੂਬਿਆਂ ਵਿੱਚ ਏਟੀਐਮ ਬਦਲ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸਿਕਾਰ ਬਣਾਉਂਦੇ ਸਨ।
ਉਨ੍ਹਾਂ ਵਿਰੁੱਧ ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਹਰਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਪਰਚੇ ਦਰਜ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਹੁਣ ਤੱਕ ਉਹ 40 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇੰਜ ਹੀ ਚੋਰ ਗਰੋਹ ਦੇ ਮੈਂਬਰਾਂ ਜਸਪ੍ਰੀਤ ਸਿੰਘ ਸੋਨੀ ਅਤੇ ਵੀਰੂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ: …