ਸੀਪੀ-67 ਮਾਲ ਤੇ ਬੈਸਟੈੱਕ ਮਾਲ ਦੇ ਬਾਹਰੋਂ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 8 ਮੋਟਰ ਸਾਈਕਲ ਤੇ 2 ਐਕਟਿਵਾ ਸਕੂਟਰ ਬਰਾਮਦ
ਨਬਜ਼-ਏ-ਪੰਜਾਬ, ਮੁਹਾਲੀ, 12 ਫਰਵਰੀ:
ਮੁਹਾਲੀ ਪੁਲੀਸ ਨੇ ਸੀਪੀ-67 ਮਾਲ ਅਤੇ ਬੈਸਟੈੱਕ ਮਾਲ ਸੈਕਟਰ-66 ਦੇ ਬਾਹਰੋਂ ਮੋਟਰ ਸਾਈਕਲ ਚੋਰੀ ਕਰਕੇ ਵੇਚਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ ਅਤੇ ਗੁਰਜੀਤ ਸਿੰਘ ਦੋਵੇਂ ਵਾਸੀ ਪਿੰਡ ਬੰਡਾਲਾ ਕਲਾਂ (ਅੰਮ੍ਰਿਤਸਰ) ਵਜੋਂ ਹੋਈ ਹੈ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚੋਰੀ ਦੇ 8 ਮੋਟਰ ਸਾਈਕਲ ਅਤੇ 2 ਐਕਟਿਵਾ ਸਕੂਟਰ ਬਰਾਮਦ ਕੀਤੇ ਹਨ।
ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਮੁਹਾਲੀ ਵਿੱਚ ਸੀਪੀ-67 ਮਾਲ ਅਤੇ ਬੈਸਟੈੱਕ ਮਾਲ ਸੈਕਟਰ-66 ਦੇ ਬਾਹਰੋਂ ਮੋਟਰ ਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕਰਕੇ ਅੰਮ੍ਰਿਤਸਰ ਇਲਾਕੇ ਵਿੱਚ ਵੇਚੇ ਗਏ 8 ਮੋਟਰ ਸਾਈਕਲ ਅਤੇ 2 ਸਕੂਟਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਮੁਲਜ਼ਮਾਂ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਬੀਐਨਐਸ ਐਕਟ ਦੀ ਧਾਰਾ 303 (2) ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਨੇ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।