
ਮੁਹਾਲੀ ਜ਼ਿਲ੍ਹੇ ਵਿੱਚ 2 ਹੋਰ ਜਨਤਕ ਰੇਤਾ ਖੱਡਾਂ ਆਮ ਲੋਕਾਂ ਲਈ ਚਾਲੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਪੰਜਾਬ ਦੀ ਆਪ ਸਰਕਾਰ ਨੇ ਸਸਤਾ ਰੇਤਾ ਮੁਹੱਈਆ ਅਤੇ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਵਿੱਚ ਰੇਤ ਦੀਆਂ ਦੋ ਹੋਰ ਖੱਡਾ ਖੋਲ੍ਹ ਦਿੱਤੀਆਂ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੀ ਜਨਤਕ ਖੱਡ ਟਾਂਗਰੀ 1 ਪਿੰਡ ਨੱਗਲਾ ’ਚੋਂ ਪਹਿਲਾਂ ਹੀ ਕੁੱਲ 2800 ਐਮਟੀ ਰੇਤਾ ਆਮ ਲੋਕਾਂ ਨੂੰ 5.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵੇਚਿਆ ਜਾ ਚੁੱਕਾ ਹੈ।
ਸ੍ਰੀ ਗਿੱਲ ਨੇ ਦੱਸਿਆ ਕਿ ਆਮ ਲੋਕਾਂ ਦੀ ਲਗਾਤਾਰ ਵਧਦੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਟਾਂਗਰੀ 2 ਪਿੰਡ ਨੱਗਲਾ ਅਤੇ ਟਾਂਗਰੀ 5 ਪਿੰਡ ਰਜਾਪੁਰ ਵਿੱਚ ਪੈਂਦੀਆਂ ਜਨਤਕ ਖੱਡਾਂ ਵੀ ਆਮ ਜਨਤਾ ਲਈ ਚਾਲੂ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਜੇਕਰ ਕਿਸੇ ਵੀ ਆਮ ਵਿਅਕਤੀ ਨੂੰ ਰੇਤੇ ਦੀ ਜ਼ਰੂਰਤ ਪੈਂਦੀ ਹੈ ਤਾਂ ਇਨ੍ਹਾਂ ਖੱਡਾਂ ਤੋਂ 5.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਆਪਣੇ ਟਰੈਕਟਰ ਟਰਾਲੀ ’ਤੇ ਲਿਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵੀ ਜ਼ਿਲ੍ਹਾ ਮਾਈਨਿੰਗ ਅਫ਼ਸਰ ਮੁਹਾਲੀ (ਸਰਬਜੀਤ ਸਿੰਘ ਗਿੱਲ-81460-00339), ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਡੇਰਾਬੱਸੀ (ਲਖਵੀਰ ਸਿੰਘ-97794-70333) ਅਤੇ ਮਾਈਨਿੰਗ ਇੰਸਪੈਕਟਰ (ਅਮਰਿੰਦਰ ਰਾਣਾ-94651-63924) ਨਾਲ ਸੰਪਰਕ ਕੀਤਾ ਜਾ ਸਕਦਾ ਹੈ।