
315 ਬੋਰ ਦੇ ਦੇਸੀ ਕੱਟੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਮੁਹਾਲੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ 315 ਬੋਰ ਦੇ ਦੇਸੀ ਕੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਫੇਜ਼-11 ਥਾਣਾ ਦੇ ਐਸਐਚਓ ਦੀ ਅਗਵਾਈ ਹੇਠ ਏਐਸਆਈ ਸਤਿੰਦਰਪਾਲ ਸਿੰਘ ਅਤੇ ਸਾਥੀ ਪੁਲੀਸ ਕਰਮਚਾਰੀਆਂ ਨੇ ਸੋਨੂੰ ਕੁਮਾਰ ਵਾਸੀ ਕਿਰਾਏਦਾਰ ਜਿਮੀ ਫਾਰਮ ਪਿੰਡ ਨੰਡਿਆਲੀ ਅਤੇ ਬੰਟੀ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਸੈਕਟਰ-65ਏ ਮੁਹਾਲੀ ਨੂੰ ਇਕ ਦੇਸੀ ਕੱਟਾ 315 ਬੋਰ ਸਮੇਤ ਜਿੰਦਾ ਰੋਂਦ ਦੇ ਗ੍ਰਿਫ਼ਤਾਰ ਕੀਤਾ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਦੇਸੀ ਕੱਟੇ ਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਡਰਾ ਕੇ ਲੁੱਟਾਂ-ਖੋਹਾਂ ਕਰਦੇ ਹਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਫੇਜ਼-11 ਏਰੀਆ ਵਿੱਚ ਲੁੱਟਾਂ ਕਰ ਰਹੇ ਸਨ। ਜਿਸ ਵੇਲੇ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ ਉਸ ਵੇਲੇ ਵੀ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਪ੍ਰੰਤੂ ਚੈਕਿੰਗ ਦੌਰਾਨ ਪੁਲੀਸ ਦੇ ਧੱਕੇ ਚੜ੍ਹ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।