
ਸਰਕਾਰੀ ਹਾਈ ਸਕੂਲ ਦਾਊਂ ਵਿੱਚ 20 ਰੋਜ਼ਾ ਆਨਲਾਈਨ ਸਮਰ ਕੈਂਪ ਸਮਾਪਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਇੱਥੋਂ ਦੇ ਸਰਕਾਰੀ ਹਾਈ ਸਕੂਲ ਦਾਊਂ ਵਿਖੇ ਚੱਲ ਰਿਹਾ 20 ਰੋਜ਼ਾ ਆਨਲਾਈਨ ਸਮਰ ਕੈਂਪ ਅੱਜ ਸਮਾਪਤ ਹੋ ਗਿਆ। ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਕਿਰਨ ਕੁਮਾਰੀ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਰੁਝੇਵੇਂ ਨੂੰ ਮੁੱਖ ਰੱਖਦਿਆਂ ਆਰਟ ਐਂਡ ਕਰਾਫ਼ਟ ਟੀਚਰ ਸ੍ਰੀਮਤੀ ਕੰਵਲਜੀਤ ਕੌਰ ਵੱਲੋਂ ਆਨਲਾਈਨ ਸਮਰ ਕੈਂਪ ਲਗਾਇਆ।
ਕੋਵਿਡ ਮਹਾਮਾਰੀ ਦੌਰਾਨ ਵਿਦਿਆਰਥੀਆਂ ਨੇ ਘਰ ਰਹਿ ਕੇ ਆਨਲਾਈਨ ਸਮਰ ਕੈਂਪ ਵਿੱਚ ਵੱਧ ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਛੋਟੇ-ਛੋਟੇ ਪੱਥਰਾਂ ’ਤੇ ਸੁੰਦਰ ਚਿੱਤਰਕਾਰੀ, ਘਰ ਵਿੱਚ ਮੌਜੂਦ ਵੇਸਟ ਮਟੀਰੀਅਲ ਤੋਂ ਪੈੱਨ ਸਟੈਂਡ, ਫੋਟੋ ਫਰੇਮ, ਡੈਕੋਰੇਸ਼ਨ ਪੀਸ, ਡੋਰਮੈਟ (ਪਾਏਦਾਨ), ਕਾਗਜ਼ ਦੇ ਫੁੱਲ ਆਦਿ ਬਣਾਉਣੇ ਸਿੱਖੇ। ਵਿਦਿਆਰਥੀਆਂ ਨੇ ਕੈਲੀਗ੍ਰਾਫ਼ੀ ਵਿੱਚ ਸੁੰਦਰ ਲਿਖਾਈ ਕਰਨੀ ਵੀ ਸਿੱਖੀ। ਕੇਕ ਬਣਾਉਣਾ ਕੱਪੜਿਆਂ ਨੂੰ ਟਾਈ ਐਂਡ ਡਾਈ ਕਰਨਾ, ਪੱਖੀ ਬਣਾਉਣਾ, ਪੱਖੀ ਡੈਕੋਰੇਟ ਕਰਨਾ, ਸਲਾਦ ਡੈਕੋਰੇਟ ਕਰਨਾ ਵੀ ਸਿੱਖਿਆ। ਸਮਰ ਕੈਂਪ ਦੌਰਾਨ ਪ੍ਰਸਿੱਧ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਦੀ ਵਰਕਸ਼ਾਪ ਵੀ ਅਟੈਂਡ ਕੀਤੀ। ਜਿਸ ਵਿੱਚ ਇਨ੍ਹਾਂ ਨੇ ਕੈਲੀਗ੍ਰਾਫ਼ੀ ਵਾਟਰ ਕਲਰ ਕਰਨੇ ਸਿਖਾਏ ਗਏ।
ਸ੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਹਰ ਸਾਲ ਸਕੂਲ ਵਿੱਚ ਸਮਰ ਕੈਂਪ ਲਾਉਂਦੇ ਹਨ ਜਿਸ ਵਿੱਚ ਉਹ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਡਰਾਇੰਗ ਦਾ ਸਾਮਾਨ ਵੀ ਖ਼ੁਦ ਮੁਹੱਈਆ ਕਰਵਾਉਂਦੇ ਹਨ। ਮਾਪਿਆਂ ਨੇ ਸਕੂਲਾਂ ਵੱਲੋਂ ਲਗਾਏ ਜਾ ਰਹੇ ਅਜਿਹੇ ਸਮਰ ਕੈਂਪਾਂ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ। ਅਜਿਹੇ ਸਮਰ ਕੈਂਪ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗੀ ਸੇਧ ਦੇਣ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੇ ਹਨ।